ਹੀਰ ਵਾਰਿਸ ਸ਼ਾਹ

ਡੋਗਰ ਜੱਟ ਈਮਾਨ ਨੂੰ ਵੇਚ ਖਾਂਦੇ

ਡੋਗਰ ਜੱਟ ਈਮਾਨ ਨੂੰ ਵੇਚ ਖਾਂਦੇ
ਧੀਆਂ ਮਾਰਦੇ ਤੇ ਪਾੜ ਲਾਉਂਦੇ ਜੇ

ਤਰਕ ਕੁਲ ਹਦੀਸ ਦੇ ਨਿੱਤ ਕਰਦੇ
ਚੋਰੀ ਯਾਰੀਆਂ ਬਿਆਜ ਕਮਾਉਂਦਾ ਜੇ

ਜਿਹੇ ਆਪ ਥੀਵਣ ਤਹਈਆਂ ਔਰਤਾਂ ਨੇਂ
ਬੇਟੇ ਬੇਟੀਆਂ ਚੋਰੀਆਂ ਲਾਉਂਦੇ ਜੇ

ਜਿਹੜਾ ਚੋਰ ਤੇ ਰਾਹਜ਼ਨ ਹੋਵੇ ਕੋਈ
ਉਸਦੀ ਵੱਡੀ ਤਾਰੀਫ਼ ਸੁਣਾਉਂਦੇ ਜੇ

ਜਿਹੜਾ ਪੜ੍ਹੇ ਨਮਾਜ਼ ਹਲਾਲ ਖਾਏ
ਉਹਨੂੰ ਮਿਹਣਾ ਮੁੱਤਕੀ ਲਾਉਂਦੇ ਜੇ

ਮੂੰਹੋਂ ਆਖ ਕੁੜਮਾਈਆਂ ਖੋਹ ਲੈਂਦੇ
ਵੇਖੋ ਰੱਬ ਤੇ ਮੌਤ ਭੁਲਾਉਂਦੇ ਜੇ

ਵਾਰਿਸ ਸ਼ਾਹ ਮੀਆਂ ਦੋ ਦੋ ਖ਼ਸਮ ਦਿੰਦੇ
ਨਾਲ਼ ਬੇਟੀਆਂ ਵੈਰ ਕਮਾਉਂਦਾ ਜੇ