ਹੀਰ ਵਾਰਿਸ ਸ਼ਾਹ

ਜੋਗੀ ਛੱਡ ਜਹਾਨ ਫ਼ਕੀਰ ਹੋਏ

ਜੋਗੀ ਛੱਡ ਜਹਾਨ ਫ਼ਕੀਰ ਹੋਏ
ਏਸ ਜੱਗ ਵਿਚ ਬਹੁਤ ਖ਼ਵਾਰੀਆਂ ਨੇਂ

ਲੇਨ ਦੇਣ ਤੇ ਦਗ਼ਾ ਅਨਿਆਨੋ ਕਰਨਾ
ਲੁੱਟ ਘੱਟ ਤੇ ਚੋਰੀਆਂ ਯਾਰੀਆਂ ਨੇਂ

ਉਹ ਪੁਰਖ ਨਿਰਬਾਣ ਪਦ ਜਾਇ ਪਹੁੰਚੇ
ਜਿਨ੍ਹਾਂ ਪੰਜੇ ਹੀ ਇੰਦਰੀਆਂ ਮਾਰੀਆਂ ਨੇਂ

ਜੋਗ ਦੇਹੋ ਤੇ ਕਰੋ ਨਿਹਾਲ ਮੈਨੂੰ
ਕੇਹੀਆਂ ਜੀਵ ਤੇ ਘੁੰਡੀਆਂ ਚਾੜ੍ਹੀਆਂ ਨੇਂ

ਏਸ ਜੱਟ ਗ਼ਰੀਬ ਨੂੰ ਤਾਰ ਓਵੇਂ
ਜਿਵੇਂ ਅਗਲੀਆਂ ਸੰਗਤਾਂ ਤਾਰਿਆਂ ਨੇਂ

ਵਾਰਿਸ ਸ਼ਾਹ ਮੀਆਂ ਰੱਬ ਸ਼ਰਮ ਰੱਖੇ
ਜੋਗ ਵਿਚ ਮੁਸੀਬਤਾਂ ਭਾਰੀਆਂ ਨੇਂ