ਹੀਰ ਵਾਰਿਸ ਸ਼ਾਹ

ਆਖ ਰਾਂਝਿਆ ਭਾਅ ਕੀ ਬਣੀ ਤੇਰੇ

ਆਖ ਰਾਂਝਿਆ ਭਾਅ ਕੀ ਬਣੀ ਤੇਰੇ
ਦੇਸ ਅਪਣਾ ਛੱਡ ਸੁਧਾਰ ਨਾਹੀਂ

ਵੀਰਾ ਅੰਮੜੀ ਜਾਇਆ ਜਾ ਨਾਹੀਂ
ਸਾਨੂੰ ਨਾਲ਼ ਫ਼ਿਰਾਕ ਦੇ ਮਾਰ ਨਾਹੀਂ

ਇਹ ਬਾਂਦੀਆਂ ਤੇ ਅਸੀਂ ਵੀਰ ਤੇਰੇ
ਕੋਈ ਹੋਰ ਵਿਚਾਰ ਵਿਚਾਰ ਨਾਹੀਂ

ਬਖ਼ਸ਼ ਇਹ ਗੁਨਾਹ ਤੋਂ ਭਾਬੀਆਂ ਨੂੰ
ਕੌਣ ਜੰਮਿਆ ਜੋ ਗੁਨਾਹਗਾਰ ਨਾਹੀਂ

ਭਾਈਆਂ ਬਾਝ ਨਾ ਮਜਲਸਾਂ ਸੋ ਹੁੰਦੀਆਂ ਨੀ
ਅਤੇ ਭਾਈਆਂ ਬਾਝ ਬਹਾਰ ਨਾਹੀਂ

ਭਾਈ ਮਰਨ ਤੇ ਪਵੰਦੀਆਂ ਭੱਜ ਬਾਂਹਾਂ
ਬਿਨਾਂ ਭਾਈਆਂ ਪਰ ਹੈ ਪਰਵਾਰ ਨਾਹੀਂ

ਲੱਖ ਓਟ ਹੈ ਕੋਲ਼ ਵਸੇਂਦਿਆਂ ਦੀ
ਭਾਈਆਂ ਗਿਆਂ ਜੇਡੀ ਕੋਈ ਹਾਰ ਨਾਹੀਂ

ਭਾਈ ਢਾਉਂਦੇ ਭਾਈ ਉਸਾਰਦੇ ਨੇਂ,
ਭਾਈਆਂ ਬਾਝ ਬਾਂਹਾਂ ਬੈਲੀ ਯਾਰ ਨਾਹੀਂ