ਹੀਰ ਵਾਰਿਸ ਸ਼ਾਹ

ਭਾਬੀ ਰਿਜ਼ਕ ਉਦਾਸ ਜਾਂ ਹੋ ਟੋਰੀਆਂ,

ਭਾਬੀ ਰਿਜ਼ਕ ਉਦਾਸ ਜਾਂ ਹੋ ਟੋਰੀਆਂ,
ਹੁਣ ਕਾਸ ਨੂੰ ਘਿੜ ਕੇ ਠਗਦੀਆਂ ਹੋ

ਪਹਿਲੇ ਸਾੜ ਕੇ ਜੀਵ ਨਮਾਨੜੇ ਦਾ,
ਪਿੱਛੋਂ ਭੋਲੀਆਂ ਲਾਵਣੇ ਲਗਦੀਆਂ ਹੋ

ਭਾਈ ਸਾਕ ਸਨ ਸੋ ਤੁਸੀਂ ਵੱਖ ਕੀਤੇ,
ਤੁਸੀਂ ਸਾਕ ਕੀ ਸਾਡੀਆਂ ਲਗਦੀਆਂ ਹੋ

ਅਸੀਂ ਕੁੱਜੜੇ ਰੂਪ ਕਰੋਪ ਵਾਲੇ
ਤੁਸੀਂ ਜੋਬਨੇ ਦਿਆਂ ਨਈਂ ਵਗਦੀਆਂ ਹੋ

ਅਸਾਂ ਆਬ ਤੇ ਤਆਮ ਹਰਾਮ ਕੀਤਾ
ਤੁਸੀਂ ਠਗਣੀਆਂ ਸਾਰੜੇ ਜੱਗ ਦੀਆਂ ਹੋ

ਵਾਰਿਸ ਸ਼ਾਹ ਇਕੱਲੜੇ ਕੀ ਕਰਨਾ,
ਤੁਸੀਂ ਸੱਤ ਇਕੱਠੀਆਂ ਵਗਦੀਆਂ ਹੋ