ਹੀਰ ਵਾਰਿਸ ਸ਼ਾਹ

ਰਾਂਝਾ ਆਖਦਾ ਖ਼ਿਆਲ ਨਾ ਪਵੋ ਮੇਰੇ

ਰਾਂਝਾ ਆਖਦਾ ਖ਼ਿਆਲ ਨਾ ਪਵੋ ਮੇਰੇ
ਸ਼ੀਂਹ ਸੱਪ ਫ਼ਕੀਰ ਦਾ ਦੇਸ ਕਿਹਾ

ਕੂੰਜਾਂ ਵਾਂਗ ਮਮੂਲੀਆਂ ਦੇਸ ਛੱਡੇ
ਅਸਾਂ ਜ਼ਾਤ ਸਿਫ਼ਾਤ ਤੇ ਭੇਸ ਕਿਹਾ

ਵਤਨ ਦਮਾਂ ਦੇ ਨਾਲ਼ ਤੇ ਜ਼ਾਤ ਜੋਗੀ
ਸਾਨੂੰ ਸਾਕ ਕਬੀਲੜਾ ਖ਼ਵੀਸ਼ ਕਿਹਾ

ਜਿਹੜਾ ਵਤਨ ਤੇ ਜ਼ਾਤ ਵੱਲ ਧਿਆਣ ਰੱਖੇ
ਦੁਨੀਆਦਾਰ ਹੈ ਉਹ ਦਰਵੇਸ਼ ਕਿਹਾ

ਦੁਨੀਆ ਨਾਲ਼ ਪਿਓਂਦ ਹੈ ਅਸਾਂ ਕਿਹਾ
ਪੱਥਰ ਜੋੜਨਾ ਨਾਲ਼ ਸਰੇਸ਼ ਕਿਹਾ

ਸਭ ਖ਼ਾਕ ਦਰ ਖ਼ਾਕ ਫ਼ਨਾ ਹੋਣਾ
ਵਾਰਿਸ ਸ਼ਾਹ ਫਿਰ ਤਿਨ੍ਹਾਂ ਨੂੰ ਕੈਸ਼ ਕਿਹਾ