ਹੀਰ ਵਾਰਿਸ ਸ਼ਾਹ

ਜੱਟੀ ਬੋਲ ਕੇ ਦੁੱਧ ਦੀ ਕਸਰ ਕੱਢੀ

ਜੱਟੀ ਬੋਲ ਕੇ ਦੁੱਧ ਦੀ ਕਸਰ ਕੱਢੀ
ਸਭੇ ਅੜਤਨੇ ਪੁਰਤਣੇ ਪਾੜ ਸਿੱਟੇ

ਪੰਨੇ ਦਾਦ ਪੜਦਾ ਦੜੇ ਜੋਗੀੜੇ ਦੇ
ਸਭੇ ਟੰਗਣੇ ਤੇ ਸਾਕ ਚਾੜ੍ਹ ਸਿੱਟੇ

ਮਾਰ ਬੋਲੀਆਂ ਗਾਲੀਆਂ ਦੇ ਜੱਟੀ
ਸਭ ਫ਼ਕ਼ਰ ਦੇ ਪਿਤੜੇ ਸਾੜ ਸਿੱਟੇ

ਜੋਗੀ ਰੂਹ ਦੇ ਨਾਲ਼ ਖਿੜ ਲੱਤ ਘੱਤੀ
ਧੌਲ ਮਾਰ ਕੇ ਦੰਦ ਸਭ ਝਾੜ ਸਿੱਟੇ

ਜੱਟੀ ਜ਼ਿਮੀਂ ਤੇ ਪਟੜੇ ਵਾਂਗ ਢੱਠੀ
ਜਿਹੇ ਵਾਹਰੂ ਫੁੱਟ ਕੇ ਧਾੜ ਸਿੱਟੇ

ਵਾਰਿਸ ਸ਼ਾਹ ਮੀਆਂ ਜਿਵੇਂ ਮਾਰ ਤੀਸ਼ੇ
ਫ਼ਰਹਾਦ ਨੇ ਚੀਰ ਪਹਾੜ ਸਿੱਟੇ