ਹੀਰ ਵਾਰਿਸ ਸ਼ਾਹ

ਰਣ ਵੇਖਣੀ ਐਬ ਹੈ ਅੰਨ੍ਹਿਆਂ ਨੂੰ

ਰਣ ਵੇਖਣੀ ਐਬ ਹੈ ਅੰਨ੍ਹਿਆਂ ਨੂੰ
ਰੱਬ ਅੱਖੀਆਂ ਦਿੱਤੀਆਂ ਵੇਖਣੇ ਨੂੰ

ਸਭ ਖ਼ਲਕ ਦਾ ਵੇਖ ਕੇ ਲੇਉ ਮੁਜਰਾ
ਕਰੋ ਦੀਦ ਇਸ ਜੱਗ ਦੇ ਪੀਖਨੇ ਨੂੰ

ਰਾਓ ਰਾਜਿਆਂ ਸਿਰਾਂ ਤੇ ਦਾਓ ਲਾਏ
ਜ਼ਰਾ ਜਾਇ ਕੇ ਅੱਖੀਆਂ ਸੇਕਣੇ ਨੂੰ

ਸਭਾ ਦੀਦ ਮਾਫ਼ ਹੈ ਆਸ਼ਿਕਾਂ ਨੂੰ
ਰੱਬ ਨੈਣ ਦਿੱਤੇ ਜੱਗ ਵੇਖਣੇ ਨੂੰ

ਮਹਾਦੇਵ ਜਿਹੀਆਂ ਪਾਰਬਤੀ ਅੱਗੇ
ਕਾਮ ਲੀਆਵਨਦਾ ਸੀ ਮੱਥਾ ਟੇਕਣੇ ਨੂੰ

ਇਜ਼ਰਾਈਲ ਹੱਥ ਕਲਮ ਲੈ ਵੇਖਦਾ ਈ
ਤੇਰਾ ਨਾਮ ਏਸ ਜੱਗ ਤੋਂ ਛੀਕਨੇ ਨੂੰ

ਵਾਰਿਸ ਸ਼ਾਹ ਮੀਆਂ ਰੋਜ਼ ਹਸ਼ਰ ਦੇ ਨੂੰ
ਅੰਤ ਸਦਮੇਂਗਾ ਲੇਖਾ ਲਿਖਣੇ ਨੂੰ