ਹੀਰ ਵਾਰਿਸ ਸ਼ਾਹ

ਮਨ ਜ਼ਹਕ ਜ਼ੁਹਿਕ ਹੁਕਮ ਹੋਇਆ

ਮਨ ਜ਼ਹਕ ਜ਼ੁਹਿਕ ਹੁਕਮ ਹੋਇਆ
ਗੱਲ ਫ਼ਕ਼ਰ ਦੀ ਨੂੰ ਨਾਹੀਂ ਹੱਸੀਏ ਨੀ

ਜੋ ਕੁੱਝ ਕਹਿਣ ਫ਼ਕੀਰ ਸੂ ਰੱਬ ਕਰਦਾ
ਆਖੇ ਫ਼ਕ਼ਰ ਦੇ ਥੋਂ ਨਾਹੀਂ ਨਸੀਏ ਨੀ

ਹੋਵੇ ਖ਼ੈਰ ਤੇ ਦੇਹੀ ਦਾ ਰੋਗ ਜਾਏ
ਨਿੱਤ ਪਹਿਨੀਏ ਖਾਈਏ ਵੱਸੀਏ ਨੀ

ਭਲਾ ਬੁਰਾ ਜੋ ਦੇਖੀਏ ਮਸ਼ਟ ਕਰੀਏ
ਭੇਤ ਫ਼ਕ਼ਰ ਦਾ ਮੂਲ ਨਾ ਦੱਸੀਏ ਨੀ

ਹੱਥ ਬੰਨ੍ਹ ਫ਼ਕੀਰ ਤੇ ਸਿਦਕ ਕੀਜੇ
ਨਹੀਂ ਸੇਲ੍ਹੀਆਂ ਟੋਪੀਆਂ ਖਸੀਏ ਨੀ

ਮੁੱਖ ਖੋਲ ਵਿਖਾ ਜੋ ਹੋਵੇਂ ਚੰਗੀ
ਨੀ ਅਿਆਨੀਏ ਭੋਲੀਏ ਸੱਸੀਏ ਨੀ

ਰੱਬ ਆਨ ਸਬੱਬ ਜਾਂ ਮੈਲ ਦਾਹੇ
ਖ਼ੈਰ ਹੋ ਜਾਂਦੀ ਨਾਲ਼ ਲਸੀਏ ਨੀ

ਸਲ੍ਹਾ ਕੀਤੀਆਂ ਫ਼ਤਿਹ ਜੇ ਹੱਥ ਆਵੇ
ਕਮਰ ਜੰਗ ਤੇ ਮੂਲ ਨਾ ਕਸੀਏ ਨੀ

ਤੇਰੀ ਦਰਦ ਦਾ ਸਭ ਇਲਾਜ ਮੇਥੇ
ਵਾਰਿਸ ਸ਼ਾਹ ਨੂੰ ਵੇਦ ਨਾਂ ਦੱਸੀਏ ਨੀ