ਹੀਰ ਵਾਰਿਸ ਸ਼ਾਹ

ਹੀਰ ਆਖਦੀ ਏਸ ਫ਼ਕੀਰ ਨੂੰ ਨੀ

ਹੀਰ ਆਖਦੀ ਏਸ ਫ਼ਕੀਰ ਨੂੰ ਨੀ
ਕਿਹਾ ਘਤੀਵ ਗ਼ੈਬ ਦਾ ਵਾਅਦਾ ਈ

ਇਨ੍ਹਾਂ ਆਜ਼ਿਜ਼ਾਂ ਭੌਰ ਨਿਮਾਣਿਆਂ ਨੂੰ
ਪਈ ਮਾਰਨੀ ਹੈਂ ਕਿਹਾ ਫ਼ਾਇਦਾ ਈ

ਅੱਲ੍ਹਾ ਵਾਲਿਆਂ ਨਾਲ਼ ਕੀ ਵੈਰ ਪਈ ਹੈਂ
ਭਲਾ ਕਵਾਰਈਏ ਇਹ ਕੀ ਕਾਇਦਾ ਈ

ਪੈਰ ਚੰਮ ਫ਼ਕੀਰ ਦੇ ਟਹਿਲ ਕੀਜੇ
ਏਸ ਕੰਮ ਵਿਚ ਖ਼ੈਰ ਦਾ ਜ਼ਾਈਦਾ ਈ

ਪਿੱਛੋਂ ਫੜੀਂਗੀ ਕੁਤਕਾ ਜੋ ਗੁੜੇ ਦਾ
ਕੌਣ ਜਾਣ ਦਾ ਕਿਹੜੀ ਜਾਇ ਦਾ ਈ

ਵਾਰਿਸ ਸ਼ਾਹ ਫ਼ਕੀਰ ਜੇ ਹੋਣ ਗ਼ੁੱਸੇ
ਖ਼ੌਫ਼ ਸ਼ਹਿਰ ਨੂੰ ਕਹਿਤ ਵਬਾ-ਏ-ਦਾ ਈ