ਹੀਰ ਵਾਰਿਸ ਸ਼ਾਹ

ਜੋਗੀ ਗ਼ਜ਼ਬ ਦੇ ਸਿਰੇ ਤੇ ਸੱਟ ਖੱਪਰ

ਜੋਗੀ ਗ਼ਜ਼ਬ ਦੇ ਸਿਰੇ ਤੇ ਸੱਟ ਖੱਪਰ
ਪਕੜ ਉਠਿਆ ਮਾਰ ਕੇ ਝੋੜਿਆ ਈ

ਲੈ ਕੇ ਫਾਵੜੀ ਘੁਲਣ ਨੂੰ ਤਿਆਰ ਹੋਇਆ
ਮਾਰ ਵਿਹੜ੍ਹੇ ਦੇ ਵਿਚ ਅਪੋੜਿਆ ਈ

ਸਾੜ ਬਾਲ ਕੇ ਜੀਵ ਨੂੰ ਖ਼ਾਕ ਕੀਤਾ
ਨਾਲ਼ ਕਾਵੜਾਂ ਦੇ ਜੱਟ ਕੁੜ੍ਹਿਆ ਈ

ਜਿਹਾ ਜ਼ਕਰੀਆ ਖ਼ਾਨ ਮੁਹਿੰਮ ਕਰ ਕੇ ਲੈ ਕੇ
ਤੋਪ ਪਹਾੜ ਨੂੰ ਦੌੜੀਆ ਈ

ਜਿਹਾ ਮਿਹਰ ਦੀ ਸੱਥ ਦਾ ਬਾਣ ਭੁੱਚਰ
ਵਾਰਿਸ ਸ਼ਾਹ ਫ਼ਕੀਰ ਤੇ ਕੁੜੀਆ ਈ