ਹੀਰ ਵਾਰਿਸ ਸ਼ਾਹ

ਪੈਸਾ ਖੋਲ ਕੇ ਹੱਥ ਜੇ ਧਰੇਂ

ਪੈਸਾ ਖੋਲ ਕੇ ਹੱਥ ਜੇ ਧਰੇਂ ਮੇਰੇ
ਗੋਦੀ ਚਾਅ ਕੇ ਪਾਰ ਉਤਾਰਨਾ ਹਾਂ

ਅਤੇ ਢੇਕਿਆ ਮੁਫ਼ਤ ਜੇ ਕਣ ਖਾਈਂ
ਚਾ ਬੀੜਿਓਂ ਜ਼ਮੀਨ ਤੇ ਮਾਰਨਾ ਹਾਂ

ਜਿਹੜਾ ਕੱਪੜਾ ਦੇ ਤੇ ਨਕਦ ਮੈਨੂੰ
ਸਭੁ ਉਸ ਦੇ ਕੰਮ ਸਵਾਰਨਾ ਹਾਂ

ਜ਼ੋਰਾਵਰੀ ਜੋ ਆਨ ਕੇ ਚੜ੍ਹੇ ਬੇੜੇ
ਅਧੋਆ ਟੁਰੇ ਡੋਬ ਕੇ ਮਾਰਨਾ ਹਾਂ

ਡੂਮਾਂ ਅਤੇ ਫ਼ਕੀਰਾਂ ਤੇ ਮੁਫ਼ਤ ਖ਼ੋਰਾਂ
ਦੂਰੋਂ ਕੁੱਤਿਆਂ ਵਾਂਗ ਧਿਰਕਾਰਨਾ ਹਾਂ

ਵਾਰਿਸ ਸ਼ਾਹ ਜਿਹੀਆਂ ਪੀਰ ਜ਼ਾਦੀਆਂ ਨੂੰ
ਮੁਢੋਂ ਬੀੜੀ ਦੇ ਵਿਚ ਨਾ ਵਾੜਨਾ ਹਾਂ