ਹੀਰ ਵਾਰਿਸ ਸ਼ਾਹ

ਦਿਲ ਫ਼ਿਕਰ ਨੇ ਘਿਰਿਆ ਬੰਦ ਹੋਇਆ

ਦਿਲ ਫ਼ਿਕਰ ਨੇ ਘਿਰਿਆ ਬੰਦ ਹੋਇਆ
ਰਾਂਝਾ ਜੀਵ ਗ਼ੋਤੇ ਲੱਖ ਖਾ-ਏ-ਬੈਠਾ

ਸਥੋਂ ਹੂੰਝ ਧੁੱਵਾਂ ਸਿਰ ਚਾ ਟੁਰਿਆ
ਕਾਲੇ ਬਾਗ਼ ਵਹੀਰ ਮਚਾ-ਏ-ਬੈਠਾ

ਅੱਖੀਂ ਮੇਟ ਕੇ ਰੱਬ ਧਿਆਣ ਧਰ ਕੇ
ਚਾਰੋਂ ਤਰਫ਼ ਹੀ ਧੋ ਨੜਾ ਲਾਅ ਬੈਠਾ

ਵੱਟ ਮਾਰ ਕੇ ਚਾਰੋਂ ਹੀ ਤਰਫ਼ ਉੱਚੀ
ਓਥੇ ਵਲਗਣਾਂ ਖ਼ੂਬ ਬਣਾ ਬੈਠਾ

ਅਸਾਂ ਕੱਚ ਕੀਤਾ ਰੱਬ ਸੱਚ ਕੁਰਸੀ
ਇਹ ਆਖ ਕੇ ਵੇਲ ਜਗਾ-ਏ-ਬੈਠਾ

ਭੜਕੀ ਅੱਗ ਜਾਂ ਤਾਉਣੀਤਾ ਕੀਤਾ
ਇਸ਼ਕ ਮੁਸ਼ਕ ਵਿਸਾਰ ਕੇ ਜਾ ਬੈਠਾ

ਵਿਚ ਸੰਘਣੀ ਛਾਉਂ ਦੇ ਘੱਤ ਭੂਰਾ
ਵਾਂਗ ਅਹੁਦਿਆਂ ਢਾਸਣਾ ਲਾਅ ਬੈਠਾ

ਵਾਰਿਸ ਸ਼ਾਹ ਉਸ ਵਕਤ ਨੂੰ ਝੂਰ ਦਾਈ
ਜਿਸ ਵੇਲੜੇ ਅੱਖੀਆਂ ਲਾ ਬੈਠਾ