ਹੀਰ ਵਾਰਿਸ ਸ਼ਾਹ

ਪਿਆ ਲਾਨਤੋਂ ਤਬਕ ਸ਼ੈਤਾਨ ਦੇ ਗਿੱਲ

ਪਿਆ ਲਾਨਤੋਂ ਤਬਕ ਸ਼ੈਤਾਨ ਦੇ ਗਿੱਲ
ਉਹਨੂੰ ਰੱਬ ਨਾ ਅਰਸ਼ ਤੇ ਚਾੜ੍ਹਨਾ ਐਂ

ਝੂਠ ਬੋਲਿਆ ਜਿਨ੍ਹਾਂ ਬਿਆਜ ਖਾਦੀ
ਤਿਨ੍ਹਾਂ ਵਿਚ ਬਹਿਸ਼ਤ ਨਾ ਵਾੜਨਾ ਐਂ

ਅਸੀਂ ਜੀਵ ਦੀ ਮੈਲ ਚੁੱਕਾ ਬੈਠੇ
ਵਿੱਤ ਕਰਾਂ ਨਾ ਸਿਉਣਾ ਪਾੜਨਾ ਐਂ

ਸਾਨੂੰ ਮਾਰ ਲੈ ਭੈੜੇ ਪੱਟੀਆਂ ਨੂੰ
ਚਾੜ੍ਹ ਸੀਖ਼ ਉੱਤੇ ਜੇ ਤੂੰ ਚਾੜ੍ਹਨਾ ਐਂ

ਅੱਗੇ ਜੋਗੀ ਥੋਂ ਮਾਰ ਕਰਾਈ
ਆ ਹੁਣ ਹੋਰ ਕੀ ਪੜਤਨਾ ਪਾੜਨਾ ਐਂ

ਤੋਬਤਨ ਨਸੂਹਾ ਜੇ ਮੂੰਹੋਂ ਬੋਲਾਂ
ਨੱਕ ਵੱਡ ਕੇ ਗਿੱਧੇ ਤੇ ਚਾੜ੍ਹਨਾ ਐਂ

ਘਰ ਬਾਰ ਥੀਂ ਚਾਏ ਜਵਾਬ ਦਿੱਤੂ
ਹੋਰ ਆਖ ਕੀ ਸੱਚ ਨਤਾਰਨਾ ਐਂ

ਮੇਰੇ ਨਾਲ਼ ਨਾ ਵਾਰਸਾ ਬੋਲ ਐਵੇਂ
ਮੱਤਾਂ ਹੋ ਜਾਏ ਕੋਈ ਕਾਰਨਾ ਐਂ