ਹੀਰ ਵਾਰਿਸ ਸ਼ਾਹ

ਉਲ ਪੈਰ ਪਕੜੇ ਇਤਕਾਦ ਕਰ ਕੇ

ਉਲ ਪੈਰ ਪਕੜੇ ਇਤਕਾਦ ਕਰ ਕੇ
ਫੇਰ ਨਾਲ਼ ਕਲੇਜੇ ਦੇ ਲੱਗ ਗਈ

ਨਵਾਂ ਤੌਰ ਅਜੂਬੇ ਦਾ ਨਜ਼ਰ ਆਇਆ
ਵੇਖੋ ਜਲ ਪਤੰਗ ਤੇ ਅੱਗ ਗਈ

ਕਹੇ ਲੱਗ ਗਈ ਚਨਨਗ ਜੱਗ ਗਈ
ਖ਼ਬਰ ਜੱਗ ਗਈ ਵੱਜ ਧ੍ਰਿਗ ਗਈ

ਯਾਰੋ ਠੱਗਾਂ ਦੀ ਰੇਵੜੀ ਹੀਰ ਜੱਟੀ
ਮੂੰਹ ਲਗਦੀਆਂ ਯਾਰ ਨੂੰ ਠੱਗ ਗਈ

ਲੱਗਾ ਮਸਤ ਹੋ ਕਮਲਿਆਂ ਕਰਨ ਗੱਲਾਂ
ਦੁਆ ਕਿਸੇ ਫ਼ਕੀਰ ਦੀ ਵਗ ਗਈ

ਅੱਗੇ ਧੂਆਂ ਧੁਖਨਦੜਾ ਜੋਗੀੜੇ ਦਾ
ਉਤੋਂ ਫੂਕ ਕੇ ਝਗੜੇ ਅੱਗ ਗਈ

ਯਾਰ ਯਾਰ ਦਾ ਬਾਗ਼ ਵਿਚ ਮੇਲ ਹੋਇਆ
ਗੱਲ ਆਮ ਮਸ਼ਹੂਰ ਹੋ ਜੱਗ ਗਈ

ਵਾਰਿਸ ਤਰੁੱਟੀਆਂ ਨੂੰ ਰੱਬ ਮਿਲਦਾ ਏ
ਵੇਖੋ ਕਮਲੜੇ ਨੂੰ ਪਰੀ ਲੱਗ ਗਈ