ਹੀਰ ਵਾਰਿਸ ਸ਼ਾਹ

ਅੱਗੋਂ ਰਾਇਬਾਂ ਸਿਰਫਾਂ ਬੋਲੀਆਂ ਨੇਂ

ਅੱਗੋਂ ਰਾਇਬਾਂ ਸਿਰਫਾਂ ਬੋਲੀਆਂ ਨੇਂ
ਕਿਹਾ ਭਾਬੀਏ ਨੀ ਮੱਥਾ ਖਿੜਿਆ ਈ

ਭਾਬੀ ਆਖ ਕੀ ਲਭੀਉ ਟਹਿਕ ਆਈ
ਐਂ ਸੋਇਨ ਚਿੜੀ ਵਾਂਗੂੰ ਰੰਗ ਫੇਰਿਆ ਈ

ਮੋਈ ਗਈ ਸੀਂ ਜਿਉਂਦੀ ਆ ਵੜੀ ਐਂ
ਸੱਚ ਆਖ ਕੀ ਸਹਿਜ ਸਹੇੜਿਆ ਈ

ਅੱਜ ਰੰਗ ਤੇਰਾ ਭਲਾ ਨਜ਼ਰ ਆਇਆ
ਸਭੁ ਸੁਖ ਤੇ ਦੁੱਖ ਨਬੇੜ ਯਾਹ ਈ

ਨੈਣ ਸ਼ੋਖ਼ ਹੋਏ ਰੰਗ ਚਮਕ ਆਇਆ
ਕੋਈ ਜੋਬਨੇ ਦਾ ਖੂਹਾ ਗੇੜਿਆ ਈ

ਆਸ਼ਿਕ ਮਸਤ ਹਾਥੀ ਭਾਵੇਂ ਬਾਗ਼ ਵਾਲਾ
ਤੇਰੀ ਸੰਗਲੀ ਨਾਲ਼ ਖਹੀੜਿਆ ਈ

ਕਦਮ ਚੁਸਤ ਤੇ ਸਾਫ਼ ਕਨੋਤੀਆਂ ਨੇਂ
ਹੱਥ ਚਾਬਕ ਅਸਵਾਰ ਨੇ ਫੇਰਿਆ ਈ

ਵਾਰਿਸ ਸ਼ਾਹ ਅੱਜ ਹੁਸਨ ਮੈਦਾਨ ਚੜ੍ਹ ਕੇ
ਘੋੜਾ ਸ਼ਾਹ ਅਸਵਾਰ ਨੇ ਫੇਰਿਆ ਈ