ਹੀਰ ਵਾਰਿਸ ਸ਼ਾਹ

ਰਾਹ ਜਾਂਦੀ ਮੈਂ ਝੂਟੇ ਨੇ ਢਾਹ ਲੀਤੀ

ਰਾਹ ਜਾਂਦੀ ਮੈਂ ਝੂਟੇ ਨੇ ਢਾਹ ਲੀਤੀ
ਸਾਹਣ ਥਲ ਕਥੁਲ ਕੇ ਮਾਰੀਆਂ ਨੀ

ਹਬੋਂ ਕਬੋਂ ਗਵਾਈ ਕੇ ਭੰਨ ਚੌੜਾ
ਪਾੜ ਸਿੱਟਿਆਂ ਚੁਣੀਆਂ ਸਾਰੀਆਂ ਨੀ

ਡਾਹਡਾ ਮਾੜੀਆਂ ਨੂੰ ਢਾਹ ਮਾਰ ਕਰਦਾ
ਜ਼ੋਰਾਂ ਵਰਾਂ ਅੱਗੇ ਅੰਤ ਹਾਰੀਆਂ ਨੀ

ਨੱਸ ਚਲੀ ਸਾਂ ਓਸਨੂੰ ਵੇਖ ਕੇ ਮੈਂ
ਜਿਵੇਂ ਵਲਹੜੇ ਤੋਂ ਜਾਣ ਕਵਾਰੀਆਂ ਨੀ

ਸੀਨਾ ਫਹਾ ਕੇ ਭਨਿਓਸ ਪਾਸਿਆਂ ਨੂੰ
ਦੋਹਾਂ ਸਿੰਗਾਂ ਅਤੇ ਚਾ ਚਾੜ੍ਹੀਆਂ ਨੀ

ਰੜੇ ਢਾਈ ਕੇ ਖਾਈ ਪਟਾਕ ਮਾਰੀ
ਸ਼ੀਂਹ ਢਾਹ ਲੈਂਦੇ ਜਿਵੇਂ ਪਾੜ੍ਹਿਆਂ ਨੀ

ਮੇਰੇ ਕਰਮ ਸਨ ਆਨ ਮਲੰਗ ਮਿਲਿਆ
ਜਿਸ ਜਿਉਂਦੀ ਪਿੰਡ ਵਿਚ ਵਾੜਿਆਂ ਨੀ

ਵਾਰਿਸ ਸ਼ਾਹ ਮੀਆਂ ਨਵੀਂ ਗੱਲ ਸੁਣੀਏ
ਹੀਰੇ ਹਿਰਨ ਮੈਂ ਤੱਤੜੀ ਦਾੜ੍ਹੀਆਂ ਨੀ