ਹੀਰ ਵਾਰਿਸ ਸ਼ਾਹ

ਹਾ ਹਾ ਮਿੱਠੀ ਮੱਤ ਨਾ ਲਈਆ ਦਿੱਤੀ

ਹਾ ਹਾ ਮਿੱਠੀ ਮੱਤ ਨਾ ਲਈਆ ਦਿੱਤੀ
ਅਕਲ ਹਜ਼ਾਰ ਚਕੀਟਿਆ ਵੇ

ਵੱਸ ਪਿਉਂ ਤੋਂ ਵੈਰੀਆਂ ਸਾਂਵਿਆਂ ਦੇ
ਕੇਹੀ ਵਾਹ ਹੈ ਮੁਸ਼ਕ ਲਪੇਟਿਆ ਵੇ

ਜਿਹੜਾ ਖਿੰਡਿਆ ਵਿਚ ਜਹਾਨ ਝੇੜਾ
ਨਹੀਂ ਜਾਵਣਾ ਮੂਲ ਸਮੇਟਿਆ ਵੇ

ਰਾਜਾ ਅਦਲੀ ਹੈ ਤਖ਼ਤ ਤੇ ਅਦਲ ਕਰਦਾ
ਖੜੀ ਬਾਂਹ ਕਰ ਕੂਕ ਰਨਝੀਟਿਆ ਵੇ

ਬਿਨਾਂ ਅਮਲ ਦੇ ਨਹੀਂ ਨਿਜਾਤ ਤੇਰੀ
ਪਿਆ ਮਾਰਈਂ ਕੁਤਬ ਦਯਾ ਬੇਟਿਆ ਵੇ

ਨਹੀਂ ਹੂਰ ਬਹਿਸ਼ਤ ਦੀ ਹੋ ਜਾਂਦਾ
ਗਿੱਧਾ ਜ਼ਰੀ ਦੇ ਵਿਚ ਲਪੇਟਿਆ ਵੇ

ਅਸਰ ਸੋਹਬਤਾਂ ਦੇ ਕਰ ਜਾਣ ਗ਼ਲਬਾ
ਜਾ ਰਾਜੇ ਦੇ ਪਾਸ ਜਟੀਟਿਆ ਵੇ

ਵਾਰਿਸ ਸ਼ਾਹ ਮੀਆਂ ਲੋਹਾ ਹੋਏ ਸੋਇਨਾ
ਜਿਥੇ ਕੀਮੀਆ ਦੇ ਨਾਲ਼ ਭੇਟਿਆ ਵੇ