ਹੀਰ ਵਾਰਿਸ ਸ਼ਾਹ

ਮੁਲਕੀ ਆਖਦੀ ਚੋ ਚੁੱਕਾ ਬਣੀ ਔਖੀ

ਮੁਲਕੀ ਆਖਦੀ ਚੋ ਚੁੱਕਾ ਬਣੀ ਔਖੀ
ਸਾਨੂੰ ਹੀਰ ਦੀਆਂ ਮਿਹਣਿਆਂ ਖ਼ਾਰ ਕੀਤਾ

ਤਾਣੇ ਦੇਣ ਸ਼ਰੀਕ ਤੇ ਲੋਕ ਸਾਰੇ
ਚੌਤਰਫਿਓਂ ਖ਼ਾਰ ਸੰਸਾਰ ਕੀਤਾ

ਦੇਖੋ ਲੱਜ ਸਿਆਲਾਂ ਦੀ ਲਾਹ ਸੋਟੀ
ਨਢੀ ਹੀਰ ਨੇ ਚਾਕ ਨੂੰ ਯਾਰ ਕੀਤਾ

ਜਾਂ ਮੈਂ ਮੱਤ ਦਿੱਤੀ ਅੱਗੋਂ ਲੜਨ ਲੱਗੀ
ਲੱਜ ਲਾਹ ਕੇ ਚਸ਼ਮ ਨੂੰ ਚਾਰ ਕੀਤਾ

ਕੱਢ ਚਾਕ ਨੂੰ ਖੋਹ ਲੈ ਮਹੀਂ ਸਭੇ
ਅਸਾਂ ਚਾਕ ਥੋਂ ਜੀਵ ਬੇਜ਼ਾਰ ਕੀਤਾ

ਇਕੇ ਧੀਵ ਨੂੰ ਚਾਗੜ੍ਹੇ ਡੋਬ ਕਰੀਏ
ਜਾਣੂ ਰੱਬ ਨੇ ਚਾਗਨਹਗਾਰ ਕੀਤਾ

ਝਬ ਵਿਆਹ ਕਰ ਧੀਵ ਨੂੰ ਕੱਢ ਦੇਸੋਂ
ਸਾਨੂੰ ਠਿੱਠ ਹੈ ਏਸ ਮੁਰਦਾਰ ਕੀਤਾ

ਵਾਰਿਸ ਸ਼ਾਹ ਸਾਨੂੰ ਹੀਰ ਖ਼ਾਰ ਕੀਤਾ
ਨਹੀਂ ਤਾਂ ਰੱਬ ਸਾਹਿਬ ਸਰਦਾਰ ਕੀਤਾ