ਛੱਤੀ ਬੰਬੀ ਟਾਹਲੀ ਹੇਠਾਂ ਵਗਦੀ ਵੇਹੰਦੀ ਰਾਤ

ਛੱਤੀ ਬੰਬੀ ਟਾਹਲੀ ਹੇਠਾਂ ਵਗਦੀ ਵੇਹੰਦੀ ਰਾਤ
ਮੈਂ ਸਾਂ ਮੇਰੇ ਆਲ ਦੁਆਲੇ ਚੜ੍ਹਦੀ ਲਹਿੰਦੀ ਰਾਤ

ਅਜੇ ਬਹੁਤ ਹੀ ਦੂਰ ਦੁਰੇਡਾ ਦਿਲ ਦਾ ਨੂਰ ਜ਼ਹੂਰ
ਅਪੜੀ ਸਰਗੀ ਵੇਲੇ ਤਾਈਂ ਡਿੱਗਦੀ ਡੀਹਨਦੀ ਰਾਤ

ਬੰਨ੍ਹੀ ਹੋਈ ਏ ਭਾਵੇਂ ਕਿਸੇ ਨੇ ਚਾਨਣ ਦੀ ਖ਼ੁਸ਼ਬੂ
ਪੈਂਡਾ ਕਦੀ ਮੁਕਾ ਜਾਵੇਗੀ ਉਠਦੀ ਬੀਹਨਦੀ ਰਾਤ

ਸਭਨਾਂ ਸ਼ਾਮੀਂ ਅਪੜੀਆਂ ਸਨ ਆਪਣੇ ਆਪਣੇ ਘਰ
ਅੱਜ ਨਾ ਉਘੜੀ ਕਿਸੇ ਦੀਆਂ ਅੱਖਾਂ ਵਿਚ ਪੈਂਦੀ ਰਾਤ

ਮੈਂ ਬੈਠਾ ਸਾਂ ਕਿਸੇ ਦੀਆਂ ਸੋਚਾਂ ਦੇ ਅੰਦਰ ਡੁੱਬਿਆ
ਲੰਘ ਗਈ ਮੇਰੇ ਕੋਲੋਂ ਦੀ ਛੀਹਨਦੀ ਛੀਹਨਦੀ ਰਾਤ

ਪੂਰੀ ਭਰ ਜਾਵੇ ਤੇ ਮੇਰੀ ਕਿਸਮਤ ਵਰਗੀ ਕਾਲ਼ੀ
ਸ਼ਾਮਾਂ ਵੇਲੇ ਉਸ ਦੀਆਂ ਹੱਥਾਂ ਦੀ ਮਹਿੰਦੀ ਰਾਤ


ਮੈਂ ਅੱਗੇ ਈ ਔਜ਼ਾਰ ਹਾਂ ਅੱਤ ਹਨੇਰੇ ਕੋਲੋਂ
ਮੇਰੇ ਨਾਲ਼ ਇਹ ਹੋਰ ਵੀ ਜ਼ੋਰ ਵ ਜ਼ੋਰੀ ਖੀਹਨਦੀ ਰਾਤ

ਬਦਲ ਵਾਂਗੂੰ ਛਾ ਈ ਜਾਂਦੀ ਨਹੀਂ ਜੇ ਹਰ ਸ਼ੈ ਉੱਤੇ
ਕਣ ਖੋਲ ਕੇ ਰੱਖੋ ਮੂੰਹੋਂ ਵੀ ਕੁੱਝ ਕਹਿੰਦੀ ਰਾਤ

ਅੱਗੜ ਪਛੜ ਲੰਘਣ ਕਦੀ ਹਨੇਰੀ ਵਰਗੀਆਂ ਰੁੱਤਾਂ
ਕਦੀ ਜ਼ਫ਼ਰ ਦੀਆਂ ਅੱਖਾਂ ਵਿਚ ਖਲੋਤੀ ਰਹਿੰਦੀ ਰਾਤ