ਰਾਤ ਪਵੇ ਤੇ ਲੋਕਾਂ ਦੇ ਘਰ ਲਾਉਂਦਾ ਫਿਰਨਾਂ ਸੰਨ੍ਹਾਂ

ਰਾਤ ਪਵੇ ਤੇ ਲੋਕਾਂ ਦੇ ਘਰ ਲਾਉਂਦਾ ਫਿਰਨਾਂ ਸੰਨ੍ਹਾਂ
ਅੱਜ ਉਠਿਆ ਨਹੀਂ ਜਾਣਦਾ ਅੱਜ ਅਪਣਾ ਈ ਜਿੰਦਰਾ ਭੰਨਾਂ

ਸ਼ਹਿਰ ਵਾਲੀਆਂ ਛਲ ਛਾਂਗ ਕੇ ਲੱਖੋਂ ਕੱਖ ਬਣਾਇਆ
ਕਿਹੜੀ ਬਾਰ ਦਾ ਬੂਟਾ ਸਾਂ ਮੈਂ, ਕਿਸ ਪੈਲ਼ੀ ਦਾ ਗੰਨਾ

ਮੇਰੇ ਸੱਜੇ ਖੱਬੇ ਡੂੰਘੇ ਵੱਤਰ ਵਾਲੀ ਪਿਲੀ
ਮੈਂ ਵਿਚਕਾਰ ਅਜ਼ਲਾਂ ਦਾ ਪਿਆਸਾ ਸੁੱਕ ਪਿੜੰਕਾ ਬਿੰਨਾਂ

ਕੀ ਦੱਸਾਂ ਕਿੱਥੇ ਸਾਂਭੀ ਏ ਤੇਰੇ ਦੁੱਖ ਦੀ ਦੌਲਤ
ਨਾ ਉਸ ਘਰ ਦਾ ਕੰਧ ਨਾ ਕੋਠਾ, ਨਾ ਬੂਹਾ ਨਾ ਚੰਨਾਂ