ਮਰ ਕੇ ਵੀ ਮੈਂ ਜਿਊਂਦਾ ਰਹਿਣਾਂ, ਜਿਉਂਦੀ ਜਾਨੈਂ ਮਰ ਜਾਨਾਂ

ਮਰ ਕੇ ਵੀ ਮੈਂ ਜਿਊਂਦਾ ਰਹਿਣਾਂ, ਜਿਉਂਦੀ ਜਾਨੈਂ ਮਰ ਜਾਨਾਂ
ਸੂਰਜ ਆਪ ਬੁਝਾ ਦੇਣਾ ਵਾਂ, ਜੁਗਨੂੰ ਕੋਲੋਂ ਡਰ ਜਾਨਾਂ

ਮੈਂ ਅਹਿਸਾਸ ਦੇ ਪਰਦੇ ਚੁੱਕ ਕੇ ਦੇਖੇ ਰੰਗ ਹਯਾਤੀ ਦੇ
ਹੁਣ ਰੇਤੇ ਵਿਚ ਡੁੱਬ ਜਾਨਾਂ ਤੇ ਅੱਖੀਆਂ ਦੇ ਵਿਚ ਤੁਰ ਜਾਨਾਂ

ਆਹਲਣਿਆਂ ਦੀ ਤਾਂਘ ਕਦੀ ਨਈਂ ਕਰਦੇ ਪੰਛੀ ਸਫ਼ਰਾਂ ਦੇ
ਰਾਹਵਾਂ ਥੱਕ ਕੇ ਸੌਂ ਜਾਵਣ ਤੇ ਮਜਬੂਰੀ ਨੂੰ ਘਰ ਜਾਨਾਂ

ਜਿੱਤ ਜਾਵਣ ਦੀ ਖ਼ੁਸ਼ੀ ਵਿਚ ਖ਼ੋਰੇ ਕਿਹੜੇ ਖ਼ੌਫ਼ ਦਾ ਡੇਰਾ ਏ
ਹਿਰਦਾ ਹਿਰਦਾ ਤੇ ਜਿੱਤ ਲੈਣਾਂ ਜਿੱਤਦਾ ਜਿੱਤਦਾ ਹਰ ਜਾਨਾਂ

ਇੰਜ ਮੈਂ ਆਪਣੇ ਅੰਦਰ ਸਭ ਕੁਛ ਸੁੱਟ ਕੇ ਖ਼ਾਲੀ ਰਹਿਣਾ ਵਾਂ
ਪਰ ਸੋਚਾਂ ਦੀ ਵੇਲ ਫੁੱਲੇ ਤੇ ਖ਼ੁਸ਼ਬੂ ਨਾਲ਼ ਭਰ ਜਾਨਾਂ

ਗ਼ਰਜ਼ਾਂ ਹਵਸਾਂ ਦੀ ਅੱਗ ਤੋਂ ਤੇ ਦੋਜ਼ਖ਼ ਵੀ ਕੰਬ ਜਾਂਦਾ ਏ
ਪਿਆਰ ਦੇ ਇਕ ਦੋ ਸਾਹ ਲੱਭ ਜਾਵਣ ਇਸ ਅੱਗ ਵਿਚ ਵੀ ਠਰ ਜਾਨਾਂ

ਹੁਣ ਮੈਂ ਆਪਣੇ ਅੰਦਰ ਬਹਿ ਕੇ ਰੇਸ਼ਮ ਬੁਣਨਾ ਫ਼ਿਕਰਾਂ ਦਾ
ਜਿਥੇ ਜਾਲੇ ਨਜ਼ਰੀ ਆਉਣ ਓਥੋਂ ਹਿਜਰਤ ਕਰ ਜਾਨਾਂ

ਅੰਦਰ ਲੱਗੀਆਂ ਛਾਨਣੀਆਂ ਦੇ ਦਰਜੇ ਵਧਦੇ ਜਾਂਦੇ ਨੇਂ
ਜ਼ਾਹਿਦ ਰੋਜ਼ ਸਿਰਾਤ ਤੇ ਪੁਲ ਤੋਂ ਲੰਘ ਕੇ ਆਪਣੇ ਘਰ ਜਾਨਾਂ