ਸੂਰਜ ਕੋਈ ਨਵਾਂ ਉਛਾਲ ਹਯਾਤੀ ਦਾ

ਸੂਰਜ ਕੋਈ ਨਵਾਂ ਉਛਾਲ ਹਯਾਤੀ ਦਾ
ਕਬਰਸਤਾਨੇ ਦੀਵਾ ਬਾਲ ਹਯਾਤੀ ਦਾ

ਮਿੱਟੀ ਨੂੰ ਜਿਸ ਪੀਂਘ ਹੁਲਾਰੇ ਦਿੱਤੇ ਨੇਂ
ਤੂੰ ਵੀ ਬੋਲ ਕੋਈ ਤੇ ਪਾਲ਼ ਹਯਾਤੀ ਦਾ

ਜੇ ਅੰਦਰ ਦਾ ਮੌਸਮ ਮਹਿਕ ਖੜ੍ਹਾ ਦੇਵੇ
ਹਿੱਜਰਾਂ ਰੁੱਤੇ ਮਿਲੇ ਵਿਸਾਲ ਹਯਾਤੀ ਦਾ

ਪਿਆਰ,ਵਫ਼ਾਵਾਂ,ਜਜ਼ਬੇ,ਰਿਸ਼ਤੇ,ਸਾਂਝਾਂ,ਚਾਹ
ਮੇਰੇ ਘਰ ਵਿਚ ਸਾਰਾ ਮਾਲ ਹਯਾਤੀ ਦਾ

ਭਾਵੇਂ ਏਸ ਸਰੀਰ ਦੀ ਚਦਰ ਬਣਨੀ ਪਏ
ਸਿਰ ਤੇ ਕਜ ਦੇ ਇਸ ਬੇਹਾਲ ਹਯਾਤੀ ਦਾ

ਤੇਜ਼ ਹਵਾਵਾਂ ਰਾਹਵਾਂ ਅੰਨ੍ਹਿਆਂ ਕਰ ਦਿੱਤੀਆਂ
ਜ਼ਾਹਿਦ ਕੋਈ ਖਰਾ ਸੰਭਾਲ਼ ਹਯਾਤੀ ਦਾ