ਢੋਲ ਸੰਮੀ

ਲਾਗੀ ਦੇ ਸਗਣ ਛੁਹਾਰਾ ਫੇਰ ਪਿਛਾਂ ਸਿਧਾਇਆ

ਲਾਗੀ ਦੇ ਸਗਣ ਛੁਹਾਰਾ ਫੇਰ ਪਿਛਾਂ ਸਿਧਾਇਆ
ਖ਼ਲਕਤ ਸ਼ਾਹੀ ਸਿੱਧਾ ਰਸਤਾ ਸ਼ਹਿਰ ਦਮਸ਼ਕੇ ਆਇਆ
ਸੁਬ੍ਹਾ ਸਾਦਿਕ ਸੰਮੀ ਅੱਗੇ ਕਹੇ ਹਕੀਕਤ ਸਾਰੀ
ਕੀ ਤਾਰੀਫ਼ ਹਸਨ ਦੀ ਆਖਾਂ ਸੂਰਤ ਸ਼ਕਲ ਪਿਆਰੀ
ਹੁਸਨ ਸ਼ਰਾਬੀ ਬਹੁਤ ਜ਼ਿਆਦਾ ਚਮਕੇ ਚੰਦ ਨੂਰਾਨੀ
ਗੋਇਆ ਯੂਸੁਫ਼ ਪੈਦਾ ਹੋਇਆ ਫੇਰ ਜ਼ਮੀਨ ਤੇ ਸਾਨੀ
ਉਮਰ ਅਵਾਇਲ ਹੁਸਨ ਜ਼ਿਆਦਾ ਸ਼ਾਹ ਖ਼ੋਸ਼ਬਾਸ਼ ਸ਼ਿਕਾਰੀ
ਆਲਮ ਇਲਮ ਤੋਂ ਰਹਿਤ ਜ਼ਬਾਨੀ ਸੂਰਤ ਸ਼ਕਲ ਨਿਆਰੀ
ਤੇਰੀ ਉਸ ਦੀ ਮੂਰਤ ਮੂਲਾ ਇਕੇ ਵਕਤ ਬਣਾਈ
ਇਕੋ ਜਿਹੀ ਸ਼ਕਲ ਅਜੂਬਾ ਫ਼ਰਕ ਨਾ ਰੱਤੀ ਰਾਈ