ਸੋਹਣੀ ਮਹੀਂਵਾਲ

ਤਥਾ

ਬਾਜੂ ਬੰਦ ਆਹੇ ਬੰਦ ਆਸ਼ਕਾਂ ਦੇ,
ਲੱਖਾਂ ਬੰਦਿਆਂ ਨੂੰ ਬੰਦੀਵਾਨ ਕੀਤਾ ।
ਕਾਲੇ ਕੇਸ ਆਹੇ ਉਹਦੇ ਅਤਰ ਭਿੰਨੇ,
ਕਾਲੇ ਨੈਣਾਂ ਨੇ ਦੇਖ ਤੂਫ਼ਾਨ ਕੀਤਾ ।
ਕਈ ਮੋਮਨਾਂ ਸਾਫ਼ ਈਮਾਨੀਆਂ ਨੂੰ,
ਉਸ ਦੀ ਜ਼ੁਲਫ਼ ਕਾਲੀ ਪਰੇਸ਼ਾਨ ਕੀਤਾ ।
ਪਾਜ਼ੇਬ ਫ਼ਰੇਬ ਦੇ ਪੇਚ ਪਾਏ,
ਕੰਨ ਫੂਲ ਮਲੂਲ ਜਹਾਨ ਕੀਤਾ ।
ਦਾਉਣੀ ਘੱਤ ਛਾਉਣੀ ਬੈਠੀ ਹੁਸਨ ਉਤੇ,
ਰਾਖੀ ਹੁਸਨ ਦਾ ਖੂਬ ਸਮਾਨ ਕੀਤਾ ।
ਫ਼ਜ਼ਲ ਸ਼ਾਹ ਮੀਆਂ ਨਾਲੇ ਪੱਟ ਦੇ ਨੇ,
ਨਾਲੇ ਪੱਟ ਜਹਾਨ ਵੈਰਾਨ ਕੀਤਾ ।