ਸੋਹਣੀ ਮਹੀਂਵਾਲ

ਫ਼ਕੀਰ ਦਾ ਉਸ ਲਈ ਦੁਆ ਕਰਨਾ

ਮੁਗ਼ਲ ਨੇਕ ਸਾਇਤ ਰੁਜੂ ਆਣ ਹੋਇਆ,
ਆਈ ਫਲ ਮਕਸੂਦ ਦੀ ਬਾਸ ਮੀਆਂ ।
ਹੱਥ ਉਠਾਇ ਦੁਆ ਫ਼ਕੀਰ ਮੰਗੀ,
ਜਾਹ ਕੰਮ ਹੋਏ ਤੇਰੇ ਰਾਸ ਮੀਆਂ ।
ਸੁੱਕੀ ਵੇਲ ਤੇਰੀ ਰੱਬ ਹਰੀ ਕਰਸੀ,
ਜਾਹ ਜੀਉ ਤੇ ਰਖ ਧਰਵਾਸ ਮੀਆਂ ।
ਤੈਨੂੰ ਰੱਬ ਫ਼ਰਜ਼ੰਦ ਦਿਲਬੰਦ ਦੇਸੀ,
ਨਾਲ ਫ਼ਜ਼ਲ ਪੁਚਾਵਸੀ ਆਸ ਮੀਆਂ ।
ਐਪਰ ਲਿਖਿਆ ਵਿਚ ਤਕਦੀਰ ਏਵੇਂ,
ਥੋੜ੍ਹੇ ਰੋਜ਼ ਰਹਿਸੀ ਤੇਰੇ ਪਾਸ ਮੀਆਂ ।
ਫ਼ਜ਼ਲ ਉਸਨੂੰ ਚੌਧਵੇਂ ਸਾਲ ਅੰਦਰ,
ਕਰਸੀ ਇਸ਼ਕ ਕਮਾਲ ਉਦਾਸ ਮੀਆਂ ।