ਸੋਹਣੀ ਮਹੀਂਵਾਲ

ਵਰ੍ਹਾ ਚੌਥਾ

ਚੌਥੇ ਵਰ੍ਹੇ ਸੋਨੇ ਸੰਦੇ ਕੜੇ ਘੜੇ,
ਜੜੇ ਹੀਰਿਆਂ ਪੰਨਿਆਂ ਨਾਲ ਮੀਆਂ ।
ਬਾਜੂ ਬੰਧ ਬੱਧੇ ਉਪਰ ਬਾਜੂਆਂ ਦੇ,
ਉੱਤੇ ਜੜਤ ਜੜਾਇਕੇ ਲਾਲ ਮੀਆਂ ।
ਇਕ ਹੱਸ ਜੜਾਊ ਸੀ ਚੂਨੀਆਂ ਦਾ,
ਉਸ ਦੇ ਗਲ ਅੰਦਰ ਦਿੱਤਾ ਡਾਲ ਮੀਆਂ ।
ਅੱਲਾ ਵਾਲੜੇ ਦੇ ਕੰਨੀਂ ਵਾਲੜੇ ਪਾ,
ਦਿੱਤੀ ਅੱਗ ਉਤੇ ਅੱਗ ਬਾਲ ਮੀਆਂ ।
ਜ਼ਰੀ ਬਾਦਲੇ ਦਾ ਗਲ ਪਾ ਕੁੜਤਾ,
ਉਤੇ ਦੇਣ ਉਸ ਦੇ ਲਾਲ ਸ਼ਾਲ ਮੀਆਂ ।
ਫ਼ਜ਼ਲ ਸ਼ਾਹ ਨਾ ਵਿਚ ਖ਼ਿਆਲ ਤੇਰੇ,
ਐਸਾ ਚਮਕਿਆ ਹੁਸਨ ਜਮਾਲ ਮੀਆਂ ।