ਸੋਹਣੀ ਮਹੀਂਵਾਲ

ਜਵਾਬ ਮਾਂ

ਤੇਰੀ ਗੱਲ ਤਮਾਮ ਮੈਂ ਜਾਣਨੀ ਹਾਂ,
ਗੱਲਾਂ ਨਾਲ ਨਾ ਪਈ ਵਸਾਹ ਧੀਆ ।
ਹੈਂਸਿਆਰੀਏ, ਕੁਆਰੀਏ, ਡਾਰੀਏ ਨੀ !
ਧੀਆਂ ਬੇਟੀਆਂ ਦੇ ਕਰੀਂ ਰਾਹ ਧੀਆ ।
ਪਈ ਮੁੱਖ ਸਵਾਰ ਕੇ ਕਰੇਂ ਗੱਲਾਂ,
ਮੈਥੋਂ ਐਸੀਆਂ ਸਿੱਖ ਕੇ ਜਾਹ ਧੀਆ ।
ਭੱਠ ਪਿਆ ਤੇਰਾ ਨਿਜ ਜੰਮਣਾ ਨੀ,
ਪੱਤ ਸਟੀਓ ਈ ਸਾਡੀ ਲਾਹ ਧੀਆ ।
ਨੀ ਤੂੰ ਖ਼ਾਵੰਦ ਚਾਹਿਆ ਲੋੜਨੀ ਹੈਂ,
ਅੱਜ ਕੱਲ੍ਹ ਕਰਸਾਂ ਤੇਰਾ ਵਿਆਹ ਧੀਆ ।
ਫ਼ਜ਼ਲ ਸ਼ਾਹ ਦੀ ਕਸਮ ਨਾ ਝੂਠ ਮੂਲੋਂ,
ਮੈਨੂੰ ਸੋਹਣੀਏ ਲਾਇਆ ਈ ਦਾਹ ਧੀਆ ।