ਸੋਹਣੀ ਮਹੀਂਵਾਲ

ਮਹੀਂਵਾਲ ਨੂੰ ਨੌਕਰੀ ਤੋਂ ਜਵਾਬ ਮਿਲਣਾ

ਬੱਸ ਬੱਸ ਮੀਆਂ ਮਹੀਂ ਚਾਰ ਨਾਹੀਂ,
ਐਵੇਂ ਖਾ ਕੇ ਨਿਮਕ ਹਰਾਮ ਕੀਤੋ ।
ਜਿਸ ਨਿਮਕ ਖਵਾਲਿਓ ਘਰੇ ਉਸ ਦੇ,
ਸੰਨ੍ਹ ਮਾਰਨੇ ਦਾ ਗੁੱਝਾ ਕਾਮ ਕੀਤੋ ।
ਓਸੇ ਰੁੱਖ ਨੂੰ ਵੱਢਣਾ ਲੋੜਿਓ ਈ,
ਜਿਸ ਰੁੱਖ ਦੇ ਹੇਠ ਆਰਾਮ ਕੀਤੋ ।
ਧੀਆਂ ਬੇਟੀਆਂ ਦੇ ਨਾਲ ਕਰੇਂ ਹਾਸੀ,
ਏਸੇ ਵਾਸਤੇ ਤੁਧੁ ਗ਼ੁਲਾਮ ਕੀਤੋ ।
ਜਿਸ ਨੇ ਪਾਲ ਖਵਾਇਆ ਘਰੀਂ ਉਸ ਦੇ,
ਸੰਨ੍ਹ ਮਾਰਨੇ ਦਾ ਗੁੱਝਾ ਕਾਮ ਕੀਤੋ ।
ਖਾ ਖਾ ਦੁੱਧ ਮਲਾਈਆਂ ਪਾਟ ਗਇਓਂ,
ਓ ਨਾਕਾਮ ! ਇਹ ਕਾਮ ਕੀ ਖ਼ਾਮ ਕੀਤੋ ।
ਕੀ ਇਹ ਸਮਝ ਦਲੇਰੀਆਂ ਕੀਤੀਆਂ ਨੀ,
ਭਾਵੇਂ ਅਸਾਂ ਤਾਈਂ ਖ਼ਾਸ ਆਮ ਕੀਤੋ ।
ਤੈਨੂੰ ਰੱਬ ਦੇ ਖ਼ੌਫ਼ ਥੀਂ ਜਾਣ ਦਿੱਤਾ,
ਤੂੰ ਨਹੀਂ ਜਾਣਦੋਂ ਕੰਮ ਜੋ ਖ਼ਾਮ ਕੀਤੋ ।
ਸਾਡੀਆਂ ਇੱਜ਼ਤਾਂ ਨੂੰ ਹੱਥ ਪਾਉਣ ਲੱਗੋਂ,
ਖਾ ਲੂਣ ਹਰਾਮ ਤਮਾਮ ਕੀਤੋ ।
ਭਲੀ ਨੀਤ ਦੇ ਨਾਲ ਟੁਰ ਜਾ ਇਥੋਂ,
ਮੈਨੂੰ ਜੱਗ ਦੇ ਵਿਚ ਬਦਨਾਮ ਕੀਤੋ ।
ਫ਼ਜ਼ਲ ਸ਼ਾਹ ਐਪਰ ਏਥੇ ਰਹੀਂ ਨਾਹੀਂ,
ਜ਼ਾਹਰ ਆਪਣਾ ਚਾ ਅੰਜਾਮ ਕੀਤੋ ।