ਪੂਰਨ ਭਗਤ

ਪੂਰਨ ਦਾ ਮੁੜ ਮਾਂ ਨੂੰ ਮਿਲਣ ਆਉਣਾ

25
ਨੂਨ ਨਾਲ ਦੇ ਸਿੱਧਾਂ ਨੇ ਕਹਿਆ ਉਥੇ,
ਜੀ ਅਸੀਂ ਚਲੀਏ ਸੈਲ ਵਲਾਇਤਾਂ ਦੇ ।
ਦਖਨ ਪੂਰਬ ਤੇ ਪਸਚਮ ਦੇਖ ਸਾਰੇ,
ਲਥੇ ਆਇ ਕੇ ਵਿਚ ਗੁਜਰਾਇਤਾਂ ਦੇ ।
ਟਿੱਲੇ ਆਪਣੇ ਤੇ ਸਿੱਧ ਆਇ ਬੈਠੇ,
ਵਡੇ ਸੂਰਮੇ ਨੀ ਕਰਾਮਾਇਤਾਂ ਦੇ ।
ਕਾਦਰਯਾਰ ਕੀ ਸਿੱਧਾਂ ਦੀ ਸਿਫ਼ਤ ਕਰੀਏ,
ਬਨ ਬੈਠੇ ਨੀ ਕਈ ਜਮਾਇਤਾਂ ਦੇ ।

26
ਵਾਓ ਵਤਨ ਸਿਆਲਕੋਟ ਅੰਦਰ,
ਮੇਰੀ ਮਾਇ ਤੇ ਬਾਪ ਅਨਾਥ ਸਾਧੋ ।
ਮੈਂ ਤਾਂ ਮਾਇ ਦੇ ਨਾਲ ਕਰਾਰ ਕੀਤਾ,
ਫਿਰ ਆਵਾਂਗਾ ਦੂਜੜੀ ਵਾਰ ਸਾਧੋ ।
ਪੁਤਰ ਭਇਆ ਰਸਾਲੂ ਸਲਵਾਹਨ ਦੇ ਜੀ,
ਰਾਜ ਦਿਤਾ ਹੈ ਉਸ ਨੂੰ ਨਾਥ ਸਾਧੋ ।
ਕਾਦਰਯਾਰ ਪ੍ਰਤਿਗਿਆ ਪੂਰੀ ਕਰੀਏ,
ਨਾਲ ਧਰਮ ਦੇ ਕਰਨਾ ਹੈ ਸਾਥ ਸਾਧੋ ।

27
ਹੇ ਹੁਕਮ ਕੀਤਾ ਗੁਰੂ ਨਾਥ ਜੀ ਨੇ,
ਸਿੱਧ ਮੰਡਲੀ ਉਠ ਤਿਆਰ ਹੋਈ ।
ਧੂੜ ਅੰਗ ਬਿਭੂਤ ਤੇ ਪਹਿਨ ਖਿਲਤੇ,
ਨਾਦ ਸਿੰਗੀਆਂ ਧੁਨਕ ਅਧਾਰ ਹੋਈ ।
ਮੁਖੋਂ ਤੁਰਨ ਅਲਖ ਜਗਾਇ ਕਰ ਕੇ,
ਖ਼ਬਰ ਤੁਰਤ ਹੀ ਵਿਚ ਸੰਸਾਰ ਹੋਈ ।
ਕਾਦਰਯਾਰ ਮੀਆਂ ਰਾਣੀ ਇਛਰਾਂ ਦੇ,
ਭਾਗ ਜਾਗ ਆਏ ਖ਼ਬਰਦਾਰ ਹੋਈ ।

28
ਲਾਮ ਲਾਇ ਦਿੱਤਾ ਵਿਚ ਬਾਗ਼ ਡੇਰਾ ,
ਰਾਜਾ ਸਣੇ ਪਰਵਾਰ ਚਲ ਆਇਆ ਈ ।
ਰਾਣੀ ਇਛਰਾਂ ਤੇ ਸਲਵਾਹਨ ਰਾਜਾ,
ਲੂਣਾ ਪੁਤਰ ਰਸਾਲੂ ਜੋ ਜਾਇਆ ਈ ।
ਹੋਰ ਨੌਕਰਾਂ ਚਾਕਰਾਂ ਟਹਿਲਣਾਂ ਨੇ,
ਹੱਥ ਜੋੜ ਕੇ ਸੀਸ ਨਿਵਾਇਆ ਈ ।
ਕਾਦਰਯਾਰ ਜਾਂ ਗੁਰਾਂ ਦਾ ਦਰਸ ਕੀਤਾ,
ਰਾਜੇ ਰਾਣੀਆਂ ਨੇ ਸੁਖ ਪਾਇਆ ਈ ।

29
ਅਲਫ਼ ਅਲਖ ਜਗਾਇ ਕੇ ਆਖਿਆ ਸੂ,
ਰਾਜਾ ਮੰਗ ਲੈ ਜੋ ਕੁਝ ਮੰਗਨਾ ਈ ।
ਅਗੋਂ ਉਠ ਰਸਾਲੂ ਨੇ ਬਚਨ ਕੀਤਾ,
ਕਰਾਮਾਤ ਦਸੋ ਕਿਆ ਸੰਗਨਾ ਈ ।
ਪੂਰਨ ਆਪਣੇ ਗੁਰੂ ਨੂੰ ਯਾਦ ਕਰਕੇ,
ਝੋਲੀ ਵਿਚੋਂ ਦਿੱਤਾ ਕੱਢ ਕੰਗਨਾ ਈ ।
ਕਾਦਰਯਾਰ ਜਾਂ ਡਿੱਠੀ ਆ ਜੋਗ ਸਕਤਾ,
ਹੱਥ ਜੋੜ ਕੇ ਦਾਨ ਸੁਖ ਮੰਗਨਾ ਈ ।

30
ਯੇ ਯਾਦ ਕੀਤਾ ਪੂਰਨ ਮਾਉਂ ਤਾਈਂ,
ਬੱਚਾ ਕੀਤਾ ਈ ਕੌਲ ਕਰਾਰ ਪੂਰਾ ।
ਸਿਧ ਮੰਡਲੀ ਦੇ ਵਿਚ ਜੋਗੀ ਵਡਾ,
ਹੁਣ ਮਿਲਿਆ ਹੈ ਨਾਥ ਜੀ ਗੁਰੂ ਪੂਰਾ ।
ਭਰਮ ਭੇਦ ਜਾਗੇ ਮੇਰੇ ਜਨਮ ਦੇ ਜੀ,
ਮੁਕਤ ਹੋਇ ਬੈਕੁੰਠ ਜਾ ਪੈਨੁ ਚੂੜਾ ।
ਕਾਦਰਯਾਰ ਕਿੱਸਾ ਪੂਰਨ ਭਗਤ ਵਾਲਾ,
ਤੁਸੀਂ ਸੁਣੋ ਲੋਕੋ ਇਥੇ ਹੋਇਆ ਪੂਰਾ ।