ਸੂਰਜ ਟੁਰਦਾ ਨਾਲ਼ ਬਰਾਬਰ

ਸੂਰਜ ਟੁਰਦਾ ਨਾਲ਼ ਬਰਾਬਰ
ਦਿਨ ਕਿਉਂ ਲੱਗਣ ਸਾਲ ਬਰਾਬਰ

ਵਿੱਥ ਤੇ ਸੱਜਣਾ ਵਿੱਥ ਹੁੰਦੀ ਏ
ਭਾਂਵੇਂ ਹੋਵੇ ਵਾਲ਼ ਬਰਾਬਰ

ਅੱਖ ਦਾ ਚਾਨਣ ਮਰ ਜਾਵੇ ਤੇ
ਨੀਲਾ ਪੀਲ਼ਾ ਲਾਲ਼ ਬਰਾਬਰ

ਜੁਲੀ ਮੰਜੀ ਭੈਣ ਨੂੰ ਦੇ ਕੇ
ਵੰਡ ਲਏ ਵੀਰਾਂ ਮਾਲ ਬਰਾਬਰ

ਮੁਰਸ਼ਦ ਜੇ ਨਾ ਰਾਜ਼ੀ ਹੋਵੇ
ਮੁਜਰਾ ਨਾਚ ਧਮਾਲ ਬਰਾਬਰ

ਉਤੋਂ ਉਤੋਂ ਪਰਦੇ ਪਾਵਨ
ਵਿਚੋਂ ਸਭ ਦਾ ਹਾਲ ਬਰਾਬਰ