ਸੋਹਣੀ ਮਹੀਂਵਾਲ

ਮਾਂ ਤੋਂ ਮਾਫ਼ੀ ਮੰਗਣੀ

ਭੁਲ ਚੁਕ ਮੁਆਫ਼ ਕਰ ਭੁੱਲਿਆਂ ਨੂੰ,
ਜੋ ਕੁਝ ਭੁੱਲ ਹੋਈ ਤਕਸੀਰ ਮਾਏ ।
ਏਹੋ ਵੇਲੜਾ ਈ ਤੇਰੇ ਬਖ਼ਸ਼ਣੇ ਦਾ,
ਮੈਨੂੰ ਬਖ਼ਸ਼ ਬੱਤੀ ਧਾਰਾਂ ਸ਼ੀਰ ਮਾਏ ।
ਲੈ ਕੇ ਪਹੁੰਚ ਸ਼ਿਤਾਬ ਨਿਮਾਣਿਆਂ ਤੇ,
ਮਹੀਂਵਾਲ ਬੇਹਾਲ ਫ਼ਕੀਰ ਮਾਏ ।
ਨਾਮ ਰੱਬ ਦੇ ਕਿਵੇਂ ਵਿਖਾਲ ਮੈਨੂੰ,
ਮੁੱਖ ਯਾਰ ਦਾ ਬਦਰ ਮੁਨੀਰ ਮਾਏ ।
ਦੱਸ ਕੌਣ ਸਾਨੀ ਜਿਹੜਾ ਮੋੜ ਦੇਵੇ,
ਰੱਬ ਡਾਢੜੇ ਦੀ ਤਕਦੀਰ ਮਾਏ ।
ਤੇਰਾ ਸ਼ੀਰ ਪਿਆਵਣਾ ਯਾਦ ਆਇਆ,
ਡੁੱਲ੍ਹ ਪਿਆ ਅੱਖੀਂ ਸੰਦਾ ਨੀਰ ਮਾਏ ।
ਕਿਵੇਂ ਯਾਰ ਦਾ ਅੱਜ ਮਿਲਾਪ ਹੋਵੇ,
ਕੋਈ ਕਰ ਵੇਖਾਂ ਤਦਬੀਰ ਮਾਏ ।
ਅਜੇ ਜਾਨ ਨਾਹੀਂ ਅਜ਼ਰਾਈਲ ਲਈ,
ਆਏ ਮੁਨਕਰ ਅਤੇ ਨਕੀਰ ਮਾਏ ।
ਮੇਰੇ ਹਾਲ ਨੂੰ ਦੇਖ ਬੇਹਾਲ ਹੋਇਆ,
ਫ਼ਜ਼ਲ ਸ਼ਾਹ ਦਿਲਗੀਰ ਫ਼ਕੀਰ ਮਾਏ ।