ਸੋਹਣੀ ਮਹੀਂਵਾਲ

ਤਥਾ

ਚਰਖਾ ਸੋਹਣੀ ਦਾ ਚੰਦਨ ਚੀਰ ਘੜਿਆ,
ਉਹਦੀ ਜੜਤ ਸੋਨੇ ਚਾਂਦੀ ਨਾਲ ਆਹੀ ।
ਮਾਹਲ ਪੱਟ ਦੀ ਫੁੱਮਣਾਦਾਰ ਸੋਹਣੀ,
ਹੋਰ ਲੱਠ ਕਰੀਰ ਦੀ ਸਾਲ ਆਹੀ ।
ਜਿਵੇਂ ਸੂਰਜੇ ਤਰਫ਼ ਨਾ ਧਿਆਨ ਹੋਵੇ,
ਏਵੇਂ ਹੁਸਨ ਦੀ ਜ਼ੋਰ ਮਸਾਲ ਆਹੀ ।
ਸੀਨਾ ਸਾਫ਼ ਸੀ ਦੰਦ ਬਲੌਰ ਕੋਲੋਂ,
ਹੋਰ ਸਿਫ਼ਤ ਨਾ ਵਿਚ ਖ਼ਿਆਲ ਆਹੀ ।
ਸੋਹਣੀ ਨਾਮ ਆਹਾ ਸੋਹਣੇ ਨੈਣ ਉਸਦੇ,
ਸੋਹਣੀ ਹੰਸ ਤੇ ਮੋਰ ਦੀ ਚਾਲ ਆਹੀ ।
ਸੋਹਣੇ ਦੰਦ ਰੁਖ਼ਸਾਰ ਅਨਾਰ ਵਾਂਗੂੰ,
ਸੋਹਣੇ ਮੁੱਖੜੇ ਤੇ ਸੋਹਣੀ ਖਾਲ ਆਹੀ ।
ਸੋਹਣੇ ਵਾਲ ਕਮਾਲ ਦਰਾਜ਼ ਉਸ ਦੇ,
ਸੋਹਣੇ ਹੋਠ ਸੁਰਖੀ ਲਾਲੋ ਲਾਲ ਆਹੀ ।
ਫ਼ਜ਼ਲ ਸੱਚ ਦੀ ਸੋਹਣੀ ਸੋਹਣੀ ਸੀ,
ਲੜੀ ਮੋਤੀਆਂ ਦੀ ਵਾਲ ਵਾਲ ਆਹੀ ।