ਸੋਹਣੀ ਮਹੀਂਵਾਲ

ਬਿਆਨ ਆਲੀ ਸੌਦਾਗਰ

ਸੁਣੋ ਬਲਖ਼ ਬੁਖ਼ਾਰੇ ਦੀ ਗੱਲ ਮੈਥੋਂ,
ਦੋਵੇਂ ਸ਼ਹਿਰ ਸਨ ਬਹੁਤ ਆਬਾਦ ਪਿਆਰੇ ।
ਅਮਨ ਚੈਨ ਤੇ ਰਾਜ ਚੁਗੱਤਿਆਂ ਦਾ,
ਕੋਈ ਕਰੇ ਨਾ ਮੂਲ ਫ਼ਰਿਆਦ ਪਿਆਰੇ ।
ਇਕ ਗ਼ਨੀ ਆਹਾ ਸਖੀ ਮਰਦ ਭਾਰੀ,
ਕਰੇ ਨਿਤ ਖ਼ੁਦਾਇ ਨੂੰ ਯਾਦ ਪਿਆਰੇ ।
ਵਿਚ ਬਲਖ਼ ਬੁਖ਼ਾਰੇ ਦੇ ਮਹਿਲ ਉਸ ਦੇ,
ਆਹਾ ਮਾਲ ਦੇ ਨਾਲ ਆਜ਼ਾਦ ਪਿਆਰੇ ।
ਨਿੱਤ ਕਰੇ ਸੌਦਾਗਰੀ, ਹੋਰ ਸੌਦੇ,
ਰਖੇ ਪੀਰ ਫ਼ਕੀਰ ਨੂੰ ਸ਼ਾਦ ਪਿਆਰੇ ।
ਹੈਸੀ ਜ਼ਾਤ ਦਾ ਮੁਗ਼ਲ ਅਸੀਲ ਮਿਰਜ਼ਾ,
ਆਲੀ ਨਾਮ ਤੇ ਨੇਕ ਨਿਹਾਦ ਪਿਆਰੇ ।
ਜਿਤਨੇ ਲੋਕ ਸੌਦਾਗਰੀ ਕਰਨ ਵਾਲੇ,
ਸਭਨਾਂ ਦੇਇ ਪੈਸੇ ਸੰਦੀ ਦਾਦ ਪਿਆਰੇ ।
ਫ਼ਜ਼ਲ ਸ਼ਾਹ ਸਭ ਚੀਜ਼ ਮੌਜੂਦ ਆਹੀ,
ਐਪਰ ਨਹੀਂ ਸੀ ਇਕ ਔਲਾਦ ਪਿਆਰੇ ।