ਸੋਹਣੀ ਮਹੀਂਵਾਲ

ਪੁੱਤਰ ਲਈ ਫ਼ਕੀਰ ਪਾਸ ਜਾਣਾ

ਐਸੀ ਬਾਤ ਕੋਲੋਂ ਪਰੇਸ਼ਾਨ ਹੋਇਆ,
ਗਏ ਐਸ਼ ਜਹਾਨ ਦੇ ਭੂਲ ਯਾਰਾ ।
ਕਿਸੇ ਨਾਲ ਨਾ ਹੱਸ ਕੇ ਗੱਲ ਕਰਦਾ,
ਰਹੇ ਰੋਂਵਦਾ ਨਿੱਤ ਮਲੂਲ ਯਾਰਾ ।
ਗ਼ਮਾਂ ਘੋਰ ਚੌਫ਼ੇਰ ਅੰਧੇਰ ਕੀਤਾ,
ਲੈਣ ਦੇਣ ਆਰਾਮ ਨਾ ਮੂਲ ਯਾਰਾ ।
ਕਿਸੇ ਆਇ ਰਜ਼ਾਇ ਥੀਂ ਗੱਲ ਟੋਰੀ,
ਇਕ ਫ਼ਕੀਰ ਹੈ ਕੁਰਬ ਰਸੂਲ ਯਾਰਾ ।
ਜੇਕਰ ਹੱਥ ਉਠਾਇ ਦੁਆ ਮੰਗੇ,
ਕਰੇ ਤੁਰਤ ਖ਼ੁਦਾਇ ਕਬੂਲ ਯਾਰਾ ।
ਵਿਚ ਗ਼ਾਰ ਫਲਾਣੀ ਦੇ ਰਹੇ ਖ਼ੁਫੀਆ,
ਖਾਏ ਘਾਹ ਤੇ ਬਰਗ ਬਬੂਲ ਯਾਰਾ ।
ਸੁਣ ਕੇ ਗੱਲ ਮਿਰਜ਼ਾ ਗਿਆ ਗ਼ਾਰ ਅੰਦਰ,
ਵੇਖੇ ਜਾਇਕੇ ਉਹ ਮਕਬੂਲ ਯਾਰਾ ।
ਫ਼ਜ਼ਲ ਸ਼ਾਹ ਫ਼ਕੀਰ ਨੇ ਵੇਖ ਕਹਿਆ,
ਵਿਚ ਗ਼ਾਰ ਆਇਓਂ ਕਿਤ ਸੂਲ ਯਾਰਾ ।