ਸੋਹਣੀ ਮਹੀਂਵਾਲ

ਦਾਈ ਦਾ ਮਿਰਜ਼ੇ ਨੂੰ ਖ਼ਬਰ ਦੇਣਾ

ਦਾਈ ਵੇਖ ਕੇ ਹੁਸਨ ਖ਼ਿਆਲ ਕੀਤਾ,
ਸ਼ਾਇਦ ਫੇਰ ਯੂਸਫ਼ ਨਮੂਦਾਰ ਹੋਇਆ ।
ਰੱਬਾ ਉਮਰ ਬਖ਼ਸ਼ੀਂ ਏਸ ਮਾਹ ਤਾਈਂ,
ਤੇਰਾ ਫ਼ਜ਼ਲ ਬੇਅੰਤ ਸ਼ੁਮਾਰ ਹੋਇਆ ।
ਦਾਈ ਦੇਇ ਪੈਗ਼ਾਮ ਗ਼ੁਲਾਮ ਤਾਈਂ,
ਖ਼ੁਸ਼ੀ ਦਿਲਾਂ ਨੂੰ ਸਬਰ ਕਰਾਰ ਹੋਇਆ ।
ਗਿਆ ਦੌੜ ਗ਼ੁਲਾਮ ਖ਼ੁਸ਼ਖ਼ਬਰ ਲੈ ਕੇ,
ਮਿਰਜ਼ੇ ਪਾਸ ਜਾ ਅਰਜ਼ ਗੁਜ਼ਾਰ ਹੋਇਆ ।
ਸੁਣ ਕੇ ਖ਼ਬਰ ਫਰਜ਼ੰਦ ਦਿਲਬੰਦ ਸੰਦੀ,
ਮਿਰਜ਼ਾ ਖ਼ੁਸ਼ੀ ਦੇ ਨਾਲ ਗੁਲਜ਼ਾਰ ਹੋਇਆ ।
ਪੜ੍ਹੇ ਸ਼ੁਕਰ ਅਲਹਮਦ ਹਜ਼ਾਰ ਵੇਰੀ,
ਔਗਣਹਾਰ ਦਾ ਰੱਬ ਸੱਤਾਰ ਹੋਇਆ ।
ਕੀਤਾ ਮੰਗਤਿਆਂ ਆਣ ਹਜੂਮ ਬਹੁਤਾ,
ਬਾਝ ਟੋਕ ਹੱਥ ਰੋਕ ਵਿਹਾਰ ਹੋਇਆ ।
ਦਿਤੀ ਮੀਂਹ ਦੇ ਵਾਂਗ ਬਰਸਾ ਦੌਲਤ,
ਗੋਇਆ ਫ਼ਜ਼ਲ ਥੀਂ ਅਬਰ ਬਹਾਰ ਹੋਇਆ ।