ਸੋਹਣੀ ਮਹੀਂਵਾਲ

ਮਿਰਜ਼ਾ ਇੱਜ਼ਤ ਬੈਗ ਦਾ ਦਿੱਲੀ ਪਹੁੰਚਣਾ

ਛੱਡ ਰੋਂਦਿਆਂ ਤੇ ਕੁਰਲਾਂਦਿਆਂ ਨੂੰ,
ਕੂੰਜ ਵਾਂਗ ਮੁਸਾਫ਼ਰਾਂ ਦੂਰ ਹੋਏ ।
ਪਹੁੰਚੇ ਮੰਜ਼ਲੋ ਮੰਜ਼ਲੀ ਜਾਇ ਦਿੱਲੀ,
ਐਪਰ ਪੈਂਡਿਆਂ ਦੇ ਨਾਲ ਚੂਰ ਹੋਏ ।
ਆਇਆ ਇਕ ਸੌਦਾਗਰ ਬਲਖ਼ ਵਿਚੋਂ,
ਦਿੱਲੀ ਸ਼ਹਿਰ ਦੇ ਵਿਚ ਮਸ਼ਹੂਰ ਹੋਏ ।
ਲਿਆ ਮਾਲ ਚੁਕਾਇ ਸੌਦਾਗਰਾਂ ਨੇ,
ਸੌਦੇ ਹੁਸਨ ਦੇ ਹੋਰ ਜ਼ਰੂਰ ਹੋਏ ।
ਗੋਇਆ ਯੂਸਫ਼ ਨਾਲ ਕਰਵਾਨਿਆਂ ਦੇ,
ਜਿਨ੍ਹਾਂ ਦੇਖਿਆ ਸੋ ਨੂਰੋ ਨੂਰ ਹੋਏ ।
ਪਾਤਸ਼ਾਹ ਕੀਤੀ ਚਾਹ ਦੇਖਣੇ ਦੀ,
ਗਏ ਤੁਰਤ ਨਾ ਪਲਕ ਸਾਬੂਰ ਹੋਏ ।
ਰੰਗਾ ਰੰਗ ਤੋਹਫ਼ੇ ਪਾਤਸ਼ਾਹ ਕਾਰਨ,
ਲਏ ਨਾਲ ਜੋ ਨਜ਼ਰ ਮਨਜ਼ੂਰ ਹੋਏ ।
ਫ਼ਜ਼ਲ ਸ਼ਾਹ ਜਹਾਨ ਦੀ ਵਿਚ ਮਜਲਸ,
ਸਣੇ ਤੋਹਫ਼ੇ ਜਾ ਹਜ਼ੂਰ ਹੋਏ ।