ਸੋਹਣੀ ਮਹੀਂਵਾਲ

ਮਹੀਂਵਾਲ ਦਾ ਖ਼ਤ

ਹਮਦ ਨਅਤ ਖ਼ੁਦਾ ਰਸੂਲ ਦੀ ਥੀਂ,
ਜਿਦ੍ਹੀ ਸਿਫ਼ਤ ਦਾ ਅੰਤ ਸ਼ੁਮਾਰ ਨਾਹੀਂ ।
ਤਾਅਨੇ ਤਰਫ਼ ਸੋਹਣੀ ਮਹੀਂਵਾਲ ਲਿਖੇ,
ਤੇਰਾ ਸੋਹਣੀਏ ਕੁਝ ਇਤਬਾਰ ਨਾਹੀਂ ।
ਅਨੀ ਵਹੁਟੀਏ, ਮੁਨਸ ਦੀਏ ਪਿਆਰੀਏ ਨੀ !
ਸੱਚਾ ਤੁਧ ਦਾ ਕੌਲ ਕਰਾਰ ਨਾਹੀਂ ।
ਤੈਨੂੰ ਲੱਖ ਕਰੋੜ ਮੁਬਾਰਕਾਂ ਨੀ,
ਖ਼ੁਸ਼ੀ ਐਸ਼ ਵੱਲੋਂ ਮਿਲੇ ਵਾਰ ਨਾਹੀਂ ।
ਗੂੜ੍ਹਾ ਪਿਆਰ ਹੋਇਆ ਖ਼ਾਵੰਦ ਨਾਲ ਤੇਰਾ,
ਐਸਾ ਹੋਰ ਕਿਤੇ ਗੂੜ੍ਹਾ ਪਿਆਰ ਨਾਹੀਂ ।
ਭਲਾ ਹੋਇਆ ਤੁਸਾਡੜੀ ਆਸ ਪੁੰਨੀ,
ਕੋਈ ਤੁਧ ਜਿਹਾ ਐਸ਼ਦਾਰ ਨਾਹੀਂ ।
ਮਤਾਂ ਖ਼ੁਸ਼ੀ ਥੀਂ ਹੋ ਖ਼ੁਸ਼ ਮਰਗ ਜਾਏ,
ਖ਼ਾਨਾ ਖਸਮ ਦਾ ਮੁਫ਼ਤ ਉਜਾੜ ਨਾਹੀਂ ।
ਕੋਈ ਤੁਧ ਜਿਹੀ ਕਿਤੇ ਜੱਗ ਉੱਤੇ,
ਘਰ ਸਹੁਰੇ ਵਿਚ ਸਰਦਾਰ ਨਾਹੀਂ ।
ਡੋਲੀ ਚੜ੍ਹਦਿਆਂ ਮੂਲ ਨਾ ਡੋਲੀਓਂ ਤੂੰ,
ਹੋਈਓਂ ਅਸਾਂ ਵੱਲੋਂ ਸ਼ਰਮਸਾਰ ਨਾਹੀਂ ।
ਤੁਸੀਂ ਸਹੁਰੇ ਹੋ ਮਗ਼ਰੂਰ ਬੈਠੇ,
ਕੋਈ ਅਸਾਂ ਜੇਹਾ ਹੋਰ ਖ਼ਵਾਰ ਨਾਹੀਂ ।
ਇਹ ਤਾਂ ਜੋਬਨਾ ਠੱਗ ਬਜ਼ਾਰ ਦਾ ਈ,
ਮਾਨ ਮੱਤੀਏ ਰੂਪ ਸ਼ਿੰਗਾਰ ਨਾਹੀਂ ।
ਲਈ ਦੀਦ ਖ਼ਰੀਦ, ਈਮਾਨ ਦਿੱਤਾ,
ਝੂਠਾ ਆਸ਼ਕਾਂ ਵਣਜ ਵਪਾਰ ਨਾਹੀਂ ।
ਸ਼ਾਲਾ ਮਰੇ ਜਿਹੜਾ ਤੇਰੀ ਸੇਜ ਮਾਣੇ,
ਕਿਵੇਂ ਵਰਤਸੀ ਕਹਿਰ ਕਹਾਰ ਨਾਹੀਂ ।
ਪੀਵੇ ਆਬਹਯਾਤ ਰਕੀਬ ਮੇਰਾ,
ਸ਼ਾਲਾ ਸਬਰ ਪਵੇ ਉੱਕੇ ਵਾਰ ਨਾਹੀਂ ।
ਮੇਰੀ ਲੱਖ ਫ਼ਰਿਆਦ ਦੀ ਦਾਦ ਮਿਲਸੀ,
ਬੱਸ ਹੋਰ ਮੈਨੂੰ ਮਾਰ ਖ਼ਾਰ ਨਾਹੀਂ ।
ਗਲ ਝੂਠਿਆਂ ਤੌਕ ਜ਼ੰਜੀਰ ਪੌਸਣ,
ਢੋਈ ਮਿਲਸੀਆ ਉਸ ਦਰਬਾਰ ਨਾਹੀਂ ।
ਨਾਹੀਂ ਕੰਮ ਅਸੀਲ ਦਾ ਨੱਸ ਜਾਣਾ,
ਬਾਜ਼ੀ ਇਸ਼ਕ ਦੀ ਹਾਰ ਲਾਚਾਰ ਨਾਹੀਂ ।
ਝੂਠੇ ਕੌਲ ਇਕਰਾਰ ਕਿਉਂ ਕੀਤੀਓ ਨੀਂ,
ਘਰੋਂ ਕੱਢ ਮੁੜ ਕੇ ਲਈਊ ਸਾਰ ਨਾਹੀਂ ।
"ਇੱਨ ਕੈਦ ਕੁਨ" ਕਿਹਾ ਰੱਬ ਸੱਚੇ,
ਤੁਸਾਂ ਜੇਡ ਕੋਈ ਹੋਰ ਮਕਾਰ ਨਾਹੀਂ ।
ਮੁੜ ਕੇ ਹੋਸ਼ ਸੰਭਾਲ ਤੂੰ ਪਿਆਰੀਏ ਨੀਂ,
ਕੀਤੇ ਕੌਲ ਇਕਰਾਰ ਵਿਸਾਰ ਨਾਹੀਂ ।
ਜਲੀ ਹੋਈ ਪਤੰਗ ਜੇ ਜਾਲਿਓ ਈ,
ਐਪਰ ਸੋਖਤਾਂ ਲਾਇਕੇ ਮਾਰ ਨਾਹੀਂ ।
ਤੇਰਾ ਨਾਮ ਲੈਂਦਾ ਫਿਰਾਂ ਵਿਚ ਗਲੀਆਂ,
ਬਾਝ ਰੋਣ ਮੈਨੂੰ ਹੋਰ ਕਾਰ ਨਾਹੀਂ ।
ਰੋਕ ਜਾਨ ਮੈਂ ਵਾਂਗ ਪਤੰਗ ਦਿੱਤੀ,
ਕੀਤਾ ਤੁਧ ਦੇ ਨਾਲ ਉਧਾਰ ਨਾਹੀਂ ।
ਦਾਮਨ ਲੱਗਿਆਂ ਦੀ ਲੱਜ ਪਾਲਣੀ ਸੀ,
ਹੱਥੀਂ ਡੋਬਿਓ ਈ ਲਾਇਓ ਪਾਰ ਨਾਹੀਂ ।
ਦੁੱਖ ਪੇਸ਼ ਪਾ ਕੇ ਆਪ ਨੱਸ ਗਈਓਂ,
ਕੋਈ ਮੈਂ ਜਿਹਾ ਔਗਣਹਾਰ ਨਾਹੀਂ ।
ਸਖ਼ੀ ਸੋਈ ਜੋ ਤੁਰੰਤ ਜਵਾਬ ਦੇਵੇ,
ਸਖ਼ੀ ਕਿਸੇ ਤਾਈਂ ਲਾਵਣ ਲਾਰ ਨਾਹੀਂ ।
ਅੱਗੇ ਰੱਜ ਰਹੇ ਤੇਰੇ ਪਿਆਰ ਕੋਲੋਂ,
ਬੱਸ ਯਾਰ ਓ ਮਾਰ ਦੁਬਾਰ ਨਾਹੀਂ ।
ਚਾਰ ਰੋਜ਼ ਦਾ ਹੁਸਨ ਪਰਾਹੁਣਾ ਈ,
ਕੂੜੇ ਹੁਸਨ ਉੱਤੇ ਪਾਵੀਂ ਭਾਰ ਨਾਹੀਂ ।
ਸਦਾ ਰੰਗ ਮਹੱਲ ਨਾ ਮਾੜੀਆਂ ਨੀ,
ਸਦਾ ਹੁਸਨ ਦਾ ਗਰਮ ਬਾਜ਼ਾਰ ਨਾਹੀਂ ।
ਸਦਾ ਦੁੱਖ ਤੇ ਸਦਾ ਨਾ ਹੋਣ ਮੌਜਾਂ,
ਸਦਾ ਬੁਲਬੁਲਾਂ ਬਾਗ਼ ਬਹਾਰ ਨਾਹੀਂ ।
ਭੁਲ ਯਾਰ ਤੇਰੇ ਨਾਲ ਪਿਆਰ ਪਾਇਆ,
ਨਾ ਸੀ ਖ਼ਬਰ ਜੋ ਯਾਰ ਗ਼ਮਖ਼ਵਾਰ ਨਾਹੀਂ ।
ਮਨੋਂ ਹਾਰ ਜੇ ਕੀਤੀਓ ਨਾਂਹ ਮੇਰੀ,
ਐਪਰ ਸਿਦਕ ਰੱਖੀਂ ਮਨੋਂ ਹਾਰ ਨਾਹੀਂ ।
ਤੇਰੇ ਵਾਸਤੇ ਵਿਚ ਪਰਦੇਸ ਰੁਲਿਆ,
ਔਗੁਣਹਾਰ ਦਾ ਸ਼ਹਿਰ ਦਿਆਰ ਨਾਹੀਂ ।
ਨਹੀਂ ਮਹੀਂ ਚਰਾਈਆਂ ਤੁਧ ਕਾਰਨ,
ਛੱਡੇ ਬਾਪ ਮਾਈ ਪਿਆਰੇ ਯਾਰ ਨਾਹੀਂ ।
ਦੁੱਖਾਂ ਘੇਰਿਆ ਮੈਂ ਕਿਹੜੀ ਵੱਲ ਜਾਵਾਂ,
ਨੇੜੇ ਮੁਝ ਦਾ ਬਲਖ਼ ਬੁਖ਼ਾਰ ਨਾਹੀਂ ।
ਚੰਗੀ ਕੀਤੀ ਆ ਪਿਆਰਿਆ ਸੱਜਣਾਂ ਓ,
ਸੱਜਣ ਮਾਰਦੇ ਖਿੱਚ ਤਲਵਾਰ ਨਾਹੀਂ ।
ਸਿੱਕ ਫ਼ਜ਼ਲ ਦੀ ਵਰਤਿਆ ਕਹਿਰ ਭਾਰਾ,
ਤੈਥੋਂ ਜ਼ਾਲਮੇ ਸੱਚ ਨਿਤਾਰ ਨਾਹੀਂ ।