ਸੋਹਣੀ ਮਹੀਂਵਾਲ

ਜਵਾਬ ਸੋਹਣੀ

ਅਵਲ ਹਮਦ ਹਜ਼ਾਰ ਖ਼ੁਦਾ ਤਾਈਂ,
ਜੈਂਦੀ ਸਿਫ਼ਤ ਦਾ ਅੰਤ ਨਾ ਕਾ ਜਾਨੀ ।
ਲੱਖ ਵਾਰ ਦਰੂਦ ਰਸੂਲ ਤਾਈਂ,
ਜਿਸ ਦੀ ਸ਼ਾਨ "ਲੌ ਲਾਕ" ਕਲਮਾ ਜਾਨੀ ।
ਇਸ ਥੀਂ ਬਾਅਦ ਕਰੋੜ-ਸਲਾਮ ਪਿੱਛੇ,
ਸੁਣੀਂ ਹਾਲ ਤੂੰ ਜਾ ਬਜਾ ਜਾਨੀ ।
ਜਿਸ ਰੋਜ਼ ਮਾਈ ਬਾਪ ਤੁਧ ਤਾਈਂ,
ਮਹੀਂ ਚਾਰਨੋਂ ਦੇਣ ਹਟਾ ਜਾਨੀ ।
ਏਵੇਂ ਵਾਵੇਲਾ ਪਈ ਕੂਕਦੀ ਸਾਂ,
'ਮੈਥੇ ਆ ਜਾਨੀ ! ਮੈਥੇ ਆ ਜਾਨੀ' ।
ਬਿਨਾਂ ਮੌਤ ਆਈ ਕੋਈ ਮਰੇ ਨਾਹੀਂ,
ਬੈਠੀ ਖਾਣ ਤੇ ਪੀਣ ਚੁਕਾ ਜਾਨੀ ।
ਮਹੀਂਵਾਲ ਮੇਰਾ ਵਾਲ ਵਾਲ ਕੂਕੇ,
ਸੁੰਞੀ ਮਾਂ ਨੂੰ ਰਹੀਆਂ ਕੁਰਲਾ ਜਾਨੀ ।
ਓੜਕ ਮੁਝ ਮੰਗਾਇ ਵਿਆਹਿਓ ਨੇ,
ਜ਼ੋਰੋ ਜ਼ੋਰ ਦਿੱਤੀ ਡੋਲੀ ਪਾ ਜਾਨੀ ।
ਗਾਨਾ ਤੋੜ ਕੇ ਸੁੱਟਿਆ ਵਿਚ ਵੇਹੜੇ,
ਦਿੱਤੇ ਕਪੜੇ ਖ਼ਾਕ ਰੁਲਾ ਜਾਨੀ ।
ਜੇਕਰ ਖ਼ਬਰ ਹੁੰਦੀ ਇਨ੍ਹਾਂ ਬੰਨ੍ਹ ਦੇਣੀ,
ਮਰਦੀ ਖਾਇ ਕੇ ਕੁਝ ਬਲਾ ਜਾਨੀ ।
ਐਪਰ ਇਹ ਸ਼ਰਮਿੰਦਗੀ ਲਿਖੀ ਆਹੀ,
ਤੁਧ ਯਾਰ ਵੱਲੋਂ ਮੇਰੇ ਭਾ ਜਾਨੀ ।
ਘਰ ਸਾਹੁਰੇ ਮੂਲ ਨਾ ਗੱਲ ਕੀਤੀ,
ਸੁੰਞੀ ਸੱਸ ਭੀ ਰਹੀ ਬਲਾ ਜਾਨੀ ।
ਮੇਰੇ ਪਾਸ ਰਕੀਬ ਸੁਆਲਿਓ ਨੇ,
ਸੁੰਞੀ ਪਲੰਘ ਤੇ ਸੇਜ ਵਿਛਾ ਜਾਨੀ ।
ਲੱਗਾ ਦਸਤ ਦਰਾਜ਼ ਰਕੀਬ ਕਰਨੇ,
ਹਿੰਮਤ ਰੱਬ ਦਿੱਤੀ ਮੈਨੂੰ ਚਾ ਜਾਨੀ ।
ਸਾਰੀ ਉਮਰ ਮੇਰੇ ਹੱਥ ਯਾਦ ਕਰਸੀ,
ਦਿੱਤੀ ਮਾਰ ਕੇ ਹੋਸ਼ ਭੁਲਾ ਜਾਨੀ ।
ਮਹੀਂਵਾਲ ਦੀ ਰੱਖ ਅਮਾਨ ਰੱਬਾ,
ਮੰਗੀ ਦੁਆ ਮੈਂ ਹੱਥ ਉਠਾ ਜਾਨੀ ।
ਮੇਰੀ ਅਰਸ਼ ਅਜ਼ੀਮ ਤੇ ਕੂਕ ਪਹੁੰਚੀ,
ਪਈ ਤੁਰੰਤ ਕਬੂਲ ਦੁਆ ਜਾਨੀ ।
ਓਵੇਂ ਰੱਬ ਦੇ ਕਰਮ ਤੇ ਫ਼ਜ਼ਲ ਕੋਲੋਂ,
ਸੁੱਤਾ ਮੁਝ ਤੋਂ ਹੋ ਜੁਦਾ ਜਾਨੀ ।
ਸਵੇਂ ਨਿੱਤ ਨਵੇਕਲਾ ਮੁਝ ਕੋਲੋਂ,
ਕਦੀ ਨਾਂਹ ਵੇਖੇ ਅੱਖੀਂ ਚਾ ਜਾਨੀ ।
ਘਰ ਸਹੁਰੇ ਖ਼ਾਸ ਅਨਜੋੜ ਮੇਰੀ,
ਦਿੱਤੀ ਪੇਕਿਆਂ ਮਨੋਂ ਭੁਲਾ ਜਾਨੀ ।
ਸਾਇਤ ਸਾਲ ਮੈਨੂੰ ਅੱਖੀਂ ਨੀਂਦ ਨਾਹੀਂ,
ਕਿੱਕਰ ਕਹਿਰ ਦੀ ਰੈਣ ਵਿਹਾ ਜਾਨੀ ।
ਬੈਠੀ ਯਾਦ ਕਰਾਂ ਮੇਰੇ ਸਾਈਆਂ ਓ,
ਤੇਰਾ ਚਾ ਜਾਨੀ ਤੇਰਾ ਚਾ ਜਾਨੀ ।
ਤੁਝ ਬਾਝ ਪਲੰਘ, ਪਲੰਘ ਦਿੱਸੇ,
ਸੇਜ ਸੀਖ ਤੇ ਜਾਨ ਚੜ੍ਹਾ ਜਾਨੀ ।
ਹੀਆਂ ਮਾਂਗ ਸ਼ੀਹਾਂ ਕੜਕ ਪੈਣ ਮੈਨੂੰ,
ਇਕ ਪਲਕ ਨਾ ਮਿਲੇ ਟਿਕਾ ਜਾਨੀ ।
ਦਾਵਣ ਖਾਵਣ ਆਂਵਦੀ ਮੁਝ ਤਾਈਂ,
ਜਿਵੇਂ ਡੰਗ ਮਾਰੇ ਅਯਦਹਾ ਜਾਨੀ ।
ਪਾਵੇ ਵੇਖਣੇ ਥੀਂ ਧਾਵੇ ਸੂਲ ਮੈਨੂੰ,
ਆਵੇ ਦੁੱਖ ਪਾਵੇ, ਘਬਰਾ ਜਾਨੀ ।
ਲੇਫ਼ ਸੈਫ਼ ਮਾਰੇ ਜੇਕਰ ਲਵਾਂ ਉੱਤੇ,
ਦੁੱਖ ਸੂਲ ਵਾਲਾ ਦੇਵੇ ਤਾ ਜਾਨੀ ।
ਜੋ ਕੁਝ ਹਾਲ ਮੇਰਾ ਮੇਰੇ ਸਾਈਆਂ ਓ,
ਦਿੱਤਾ ਤੁਧ ਨੂੰ ਸਭ ਸੁਣਾ ਜਾਨੀ ।
ਬਲਦੀ ਅੱਗ ਤੇ ਤੇਲ ਪਲਟਿਓ ਈ,
ਦਿੱਤੋ ਭੜਕਦੀ ਨੂੰ ਭੜਕਾ ਜਾਨੀ ।
ਤਾਨ੍ਹੇ ਲਿਖਿਓ ਨੀ ਆਤਸ਼ ਵਾਂਗ ਤੱਤੇ,
ਗਏ ਜਿਗਰ ਤੇ ਜਾਨ ਜਲਾ ਜਾਨੀ ।
ਲਾਵਾਂ ਭਾਹ ਨਖ਼ਸਮੜੇ ਖ਼ਸਮ ਤਾਈਂ,
ਜਾਤਾ ਸਿਦਕ ਥੀਂ ਇਕ ਖ਼ੁਦਾ ਜਾਨੀ ।
ਆਪੇ ਵੇਖਸੇਂ ਕੁਫ਼ਲ ਸੰਦੂਕ ਜੋੜੇ,
ਬਲਦੀ ਤੇਲ ਨਾ ਪਾਇ ਮਚਾ ਜਾਨੀ ।
ਤਾਕਤ ਨਾਂਹ ਜੋ ਝੂਠ ਨੂੰ ਝੂਠ ਆਖਾਂ,
ਜੋ ਕੁਝ ਲਿਖਿਆ ਨਾਲ ਜਰਾ ਜਾਨੀ ।
ਉਸ ਕੌਲ ਉਪਰ ਪਹਿਰਾ ਦੇਵਸਾਂਗੀ,
ਮਰਾਂ, ਕਰਾਂ ਜੇ ਫੇਰ ਫਿਰਾ ਜਾਨੀ ।
ਜੇਕਰ ਤੁਧ ਥੀਂ ਪਿਆਰਿਆ ਮੁੱਖ ਮੋੜਾਂ,
ਸ਼ਾਲਾ ਦੋਜ਼ਖ਼ੀਂ ਮਿਲੇ ਸਜ਼ਾ ਜਾਨੀ ।
ਸ਼ਾਹਦ ਰੱਬ ਮੇਰਾ, ਤੂਹੈਂ ਖ਼ਾਸ ਕਾਬਾ,
ਸਿਜਦਾ ਹੋਰ ਨਾ ਕਿਤੇ ਰਵਾ ਜਾਨੀ ।
ਲਈਆਂ ਨਾਲ ਤੇਰੇ ਲਾਵਾਂ ਪਿਆਰਿਆ ਓ,
ਰੋਜ਼ ਅਜ਼ਲ ਦੇ ਅਕਦ ਪੜ੍ਹਾ ਜਾਨੀ ।
ਦਾਮਨ ਲੱਗਿਆਂ ਦੀ ਰੱਖੀਂ ਸ਼ਰਮ ਸਾਈਆਂ,
ਦਮਾਂ ਬਾਝ ਮੈਂ ਰਹੀ ਵਿਕਾ ਜਾਨੀ ।
ਮੈਂ ਤੇ ਗੋਲੀਆਂ ਦੀ ਪੜਗੋਲੜੀ ਹਾਂ,
ਨਾਲ ਸਿਦਕ ਯਕੀਨ ਸਫ਼ਾ ਜਾਨੀ ।
ਓਹੋ ਨਾਲ ਈਮਾਨ ਅਮਾਨ ਤੇਰੀ,
ਰੱਖੀ ਗ਼ੈਰ ਥੀਂ ਬਹੁਤ ਛੁਪਾ ਜਾਨੀ ।
ਕਦੀ ਆਬਹਯਾਤ ਵਸਾਲ ਵਾਲਾ,
ਅਸਾਂ ਪਿਆਸਿਆਂ ਨੂੰ ਆ ਪਿਲਾ ਜਾਨੀ ।
ਕਿਸੇ ਨਾਲ ਬਹਾਨੜੇ ਆ ਏਥੇ,
ਕਿਵੇਂ ਪਿਆਰਿਆ ਮੁੱਖ ਦਿਖਾ ਜਾਨੀ ।
ਦੂਤੀ ਕੋਈ ਪਛਾਣ ਨਾ ਮੂਲ ਸਕੇ,
ਕੋਈ ਆਵਣਾ ਭੇਸ ਵਟਾ ਜਾਨੀ ।
ਔਗਣਹਾਰ ਬੀਮਾਰ ਲਾਚਾਰ ਪਈ ਆਂ,
ਤੇਰਾ ਦੇਖਣਾ ਅਸਲ ਦਵਾ ਜਾਨੀ ।
ਨਾਮ ਰੱਬ ਦੇ ਮਿਲੀਂ ਪਿਆਰਿਆ ਓ,
ਮੋਈ ਪਈ ਨੂੰ ਫੇਰ ਜਿਵਾ ਜਾਨੀ ।
ਕਰਸਾਂ ਹੋਰ ਸਲਾਹ ਮੈਂ ਨਾਲ ਤੇਰੇ,
ਜਦੋਂ ਆਵਸੇਂਗਾ ਮੇਰੇ ਦਾ ਜਾਨੀ ।
ਮੁੜ ਕੇ ਸੋਹਣੀ ਦਾ ਖ਼ਤ ਯਾਰ ਵੱਲੇ,
ਲੈ ਕੇ ਗਿਆ ਸ਼ਿਤਾਬ ਸਿਧਾ ਜਾਨੀ ।
ਫ਼ਜ਼ਲ ਯਾਰ ਵਾਲਾ ਖ਼ਤ ਯਾਰ ਤਾਈਂ,
ਦਿੱਤਾ ਓਸ ਨੇ ਫੇਰ ਪੁਚਾ ਜਾਨੀ ।