ਸੋਹਣੀ ਮਹੀਂਵਾਲ

ਮਹੀਂਵਾਲ ਨੇ ਭੇਸ ਵੱਟਾ ਕੇ ਸੋਹਣੀ ਪਾਸ ਜਾਣਾ

ਖ਼ਤ ਯਾਰ ਵਾਲਾ ਮਹੀਂਵਾਲ ਪੜ੍ਹ ਕੇ,
ਚੁੰਮ ਨਾਲ ਕਲੇਜੜੇ ਲਾਂਵਦਾ ਜੇ ।
ਲਿਖਿਆ ਯਾਰ ਆਹਾ, ਮਿਲ ਜਾਹ ਯਾਰਾ,
ਯਾਰ ਯਾਰ ਕਾਰਨ ਚਿੱਤ ਚਾਂਹਵਦਾ ਜੇ ।
ਕੋਈ ਬਣੇ ਨਾ ਢੋ ਮਿਲਾਪ ਵਾਲਾ,
ਓੜਕ ਰੋ ਕੇ ਨੀਰ ਵਹਾਂਵਦਾ ਜੇ ।
ਕਿਹੜੇ ਤੌਰ ਮਿਲਸਾਂ ਪਿਆਰੇ ਯਾਰ ਤਾਈਂ,
ਲੱਖ ਫ਼ਿਕਰ ਦਲੀਲ ਦੁੜਾਂਵਦਾ ਜੇ ।
ਗਿਆ ਇਸ਼ਕ ਸਿਖਾ ਗਦਾ ਹੋਣਾ,
ਓੜਕ ਵਕਤ ਇਹ ਇਸ਼ਕ ਸਿਖਾਂਵਦਾ ਜੇ ।
ਪਹਿਲੋਂ ਚਾਕ ਹੋਇਆ ਹੁਣ ਖ਼ਾਕ ਮਲੀ,
ਕਾਰਨ ਯਾਰ ਦੇ ਭੇਸ ਵਟਾਂਵਦਾ ਜੇ ।
ਜ਼ਾਲਮ ਇਸ਼ਕ ਨੇ ਪੀਰ ਫ਼ਕੀਰ ਕੀਤੇ,
ਤਖ਼ਤੋਂ ਸ਼ਾਹ ਭੀ ਚਾ ਗਿਰਾਂਵਦਾ ਜੇ ।
ਘਰ ਘਰ ਫਿਰੇ ਬਹਾਨੜੇ ਨਾਲ ਮੰਗਦਾ,
ਕਾਰਨ ਯਾਰ ਦੇ ਸਗਣ ਮਨਾਂਵਦਾ ਜੇ ।
ਕੋਈ ਦੇ ਗਾਲੀ ਕੋਈ ਬੁਰਾ ਬੋਲੇ,
ਕੋਈ ਮਿਹਰ ਸੇਤੀ ਖ਼ੈਰ ਪਾਂਵਦਾ ਜੇ ।
ਅੱਵਲ ਕੁਲ ਮੁਸੀਬਤਾਂ ਝੱਲ ਲੈਂਦਾ,
ਭਾਰ ਇਸ਼ਕ ਵਾਲਾ ਜਿਹੜਾ ਚਾਂਵਦਾ ਜੇ ।
ਇਕ ਖ਼ੈਰ ਮਹਿਬੂਬ ਦੀ ਚਾਹ ਆਹੀ,
ਹੋਈ ਖ਼ੈਰ ਬਦਖ਼ੈਰ ਧਰਾਂਵਦਾ ਜੇ ।
ਗਲੀ ਜਾਨ ਵਾਲਾ ਗਲੀ ਵਿਚ ਕੂਚੇ,
ਫਿਰੇ ਕੂੰਜ ਵਾਂਗੂੰ ਕੁਰਲਾਂਵਦਾ ਜੇ ।
ਓੜਕ ਝਾਗ ਕੂਚੇ ਦੁੱਖ ਦਰਦ ਵਾਲੇ,
ਘਰ ਸਹੁਰੇ ਯਾਰ ਦੇ ਜਾਂਵਦਾ ਜੇ ।
ਖ਼ੈਰ ਆਣ ਫ਼ਕੀਰ ਨੂੰ ਦਾਨ ਕੀਜੇ,
ਉੱਚੀ ਨਾਲ ਆਵਾਜ਼ ਬੁਲਾਂਵਦਾ ਜੇ ।
ਕੰਨੀਂ ਯਾਰ ਦੀ ਸੁਣੇ ਆਵਾਜ਼ ਸੋਹਣੀ,
ਐਪਰ ਵਿਚ ਪਛਾਣ ਨਾ ਆਂਵਦਾ ਜੇ ।
ਕਹਿਆ ਸੱਸ, ਫ਼ਕੀਰ ਨੂੰ ਖ਼ੈਰ ਪਾਵੀਂ,
ਸਾਨੂੰ ਆਸਰਾ ਫ਼ਕਰ ਦੇ ਨਾਮ ਦਾ ਜੇ ।
ਸੋਹਣੀ ਖ਼ੈਰ ਫ਼ਕੀਰ ਨੂੰ ਪਾਉਣ ਚੱਲੀ,
ਦੇਖੋ ਵਿਛੜੇ ਰੱਬ ਮਿਲਾਂਵਦਾ ਜੇ ।
ਓਹਲੇ ਹੋ ਕਹਿਆ ਇਹ ਲੈ ਖ਼ੈਰ ਸਾਈਂ,
ਮਹੀਂਵਾਲ ਰੁਮਾਲ ਨੂੰ ਡਾਂਹਵਦਾ ਜੇ ।
ਖ਼ੈਰ ਲੈਂਦਿਆਂ ਸਾਰ ਨਿਸਾਰ ਹੋਇਆ,
ਸਾਰਾ ਹੋਸ਼ ਹਵਾਸ ਭੁਲਾਂਵਦਾ ਜੇ ।
ਸੋਹਣੀ ਖ਼ਾਸ ਮਿਸਾਲ ਮਸਾਲ ਆਹੀ,
ਆਸ਼ਕ ਵਾਂਗ ਪਤੰਗ ਜਲਾਂਵਦਾ ਜੇ ।
ਕੀਤੀ ਢੂੰਡ ਸੋਹਣੀ ਮਹੀਂਵਾਲ ਭਾਵੇਂ,
ਜਿਹੜਾ ਦੇਖ ਮੈਨੂੰ ਗਸ਼ ਖਾਂਵਦਾ ਜੇ ।
ਓੜਕ ਲਿਆ ਪਛਾਣ ਤੇ ਝੱਸ ਤਲੀਆਂ,
ਯਾਰ ਯਾਰ ਨੂੰ ਤੁਰੰਤ ਉਠਾਂਵਦਾ ਜੇ ।
ਗਲ ਲਗ ਮਿਲੀ ਬੁਝੀ ਅੱਗ ਦਿਲ ਦੀ,
ਐਪਰ ਖ਼ੌਫ਼ ਰਕੀਬ ਦੀ ਮਾਉਂ ਦਾ ਜੇ ।
ਲੱਗੀ ਹਾਲ ਦੱਸਣ ਛੇਤੀ ਨਾਲ ਸੋਹਣੀ,
ਮਹੀਂਵਾਲ ਵੀ ਰੋ ਸੁਣਾਂਵਦਾ ਜੇ ।
ਕਿਸੇ ਨਾਂਹ ਸੁਣੀ ਇਕ ਦੂਸਰੇ ਦੀ,
ਓੜਕ ਕਹੇ ਸੋਹਣੀ ਮਨ ਭਾਂਵਦਾ ਜੇ ।
ਜਾਹ ਸਿਦਕ ਯਕੀਨ ਥੀਂ ਬੈਠ ਸਾਈਆਂ,
ਐਪਰ ਪਾਸ ਜੋ ਘਾਟ ਝਨਾਉਂ ਦਾ ਜੇ ।
ਦੇਸੀ ਰੱਬ ਮੁਰਾਦ ਪੁਗਾ ਤੇਰੀ,
ਜਿਹੜਾ ਕੁਲ ਦੀ ਆਸ ਪੁਜਾਂਵਦਾ ਜੇ ।
ਫ਼ਜ਼ਲ ਸ਼ਾਹ ਮਹਿਬੂਬ ਦੀ ਚਾਹ ਅੰਦਰ,
ਸਾਇਤ ਸਾਲ ਮਿਸਾਲ ਲੰਘਾਂਵਦਾ ਜੇ ।