ਸੋਹਣੀ ਮਹੀਂਵਾਲ

ਮਹੀਂਵਾਲ ਦਾ ਰਾਤ ਨੂੰ ਮੱਛੀ ਦਾ ਕਬਾਬ

ਮਹੀਂਵਾਲ ਕਦੀਮ ਦੇ ਲਾਇ ਝੰਡੇ,
ਬੈਠਾ ਬੇਲੀਆਂ ਦੇ ਮਾਨ ਤਾਨ ਭਾਈ ।
ਤਕੀਆਦਾਰ ਹੋ ਰੱਬ ਤੇ ਰੱਖ ਤਕੀਆ,
ਧੂੰਆਂ ਪਾ ਬੈਠਾ ਮਸਤਾਨ ਬੇਲੀ ।
ਰੌਣਕ ਵੇਖ ਫ਼ਕੀਰ ਦੀ ਲੋਕ ਸਾਰੇ,
ਮਹਿਰਮ ਹਾਲ ਹੋਏ ਉਸ ਦੇ ਆਨ ਬੇਲੀ ।
ਜਿਹੜੇ ਘਾਟ ਤੇ ਖ਼ਾਸ ਮਲਾਹ ਆਹੇ,
ਸੌਂਪ ਬੇੜੀਆਂ ਘਰੀਂ ਉਹ ਜਾਨ ਬੇਲੀ ।
ਨਿੱਤ ਦੇਣ ਪੁਚਾਇ ਫ਼ਕੀਰ ਤਾਈਂ,
ਦਿਨ ਰਾਤ ਜੋ ਘਰੀਂ ਪਕਾਨ ਬੇਲੀ ।
ਹੋਰ ਮੀਰ ਸ਼ਿਕਾਰ ਸ਼ਿਕਾਰ ਕਰਦੇ,
ਮੱਛੀ ਬਾਝ ਸ਼ੁਮਾਰ ਬਿਆਨ ਬੇਲੀ ।
ਹਿੱਸਾ ਪੀਰ ਫ਼ਕੀਰ ਦਾ ਵੱਖ ਕਰਕੇ,
ਮਹੀਂਵਾਲ ਦੀ ਨਜ਼ਰ ਟਿਕਾਨ ਬੇਲੀ ।
ਐਪਰ ਸੱਜਣਾਂ ਬਾਝ ਹਰਾਮ ਉਸ ਨੂੰ,
ਖਾਣ ਪੀਣ ਤੇ ਐਸ਼ ਜਹਾਨ ਬੇਲੀ ।
ਨਿੱਤ ਲਾ ਮਸਾਲੜੇ ਭੁੰਨ ਮੱਛੀ,
ਹੋਵੇ ਯਾਰ ਦੇ ਵੱਲ ਰਵਾਨ ਬੇਲੀ ।
ਸੁੱਤੇ ਵਕਤ ਜਾਂ ਲੋਕ ਦਰਾਜ਼ ਥੀਂਦੇ,
ਐਪਰ ਓਸ ਵੇਲੇ ਹਿਲ ਪਾਨ ਬੇਲੀ ।
ਓਧਰ ਸੋਹਣੀ ਭੀ ਇੰਤਜ਼ਾਰ ਕਰਦੀ,
ਮਹੀਂਵਾਲ ਦੀ ਤਰਫ਼ ਧਿਆਨ ਬੇਲੀ,
ਪਹਿਲੇ ਗਲ ਮਿਲਦੇ ਪਿਛੋਂ ਕੱਢ ਮੱਛੀ,
ਰਲ ਖਾਣ ਦੋਵੇਂ ਜਾਨੀ ਜਾਨ ਬੇਲੀ ।
ਗਲ ਮਿਲਣ ਸੇਤੀ ਦੁੱਖ ਦਰਦ ਜਾਵੇ,
ਗ਼ਮ ਸੂਲ ਫ਼ਿਰਾਕ ਸਿਧਾਨ ਬੇਲੀ ।
ਦੁੱਖ ਦੂਰ ਤਮਾਮ ਜ਼ਰੂਰ ਥੀਂਦੇ,
ਜਦੋਂ ਰੱਬ ਹੁੰਦਾ ਮਿਹਰਬਾਨ ਬੇਲੀ ।
ਦੂਜੇ ਭਲਕ ਮਹੀਂਵਾਲ ਭੁੰਨ ਮੱਛੀ,
ਆਵੇ ਲੰਘ ਝਨਾਉਂ ਤੂਫ਼ਾਨ ਬੇਲੀ ।
ਰਾਤੀਂ ਕਾਲੀਆਂ ਚੀਰ ਕੇ ਯਾਰ ਕਾਰਨ,
ਕਰਕੇ ਆਂਵਦਾ ਜਾਨ ਕੁਰਬਾਨ ਬੇਲੀ ।
ਮਿਲ ਕੇ ਯਾਰ ਤਾਈਂ ਫੇਰ ਪਾਰ ਜਾਵੇ,
ਬੈਠੇ ਆਪਣੇ ਜਾ ਮਕਾਨ ਬੇਲੀ ।
ਫ਼ਜ਼ਲ ਸ਼ਾਹ ਮੀਆਂ ਚੋਰੀ ਦੂਤੀਆਂ ਥੀਂ,
ਕਈ ਰੋਜ਼ ਇਸ ਤੌਰ ਲੰਘਾਣ ਬੇਲੀ ।