ਸੋਹਣੀ ਮਹੀਂਵਾਲ

ਇਕ ਦਿਨ ਮੱਛੀ ਨਾ ਮਿਲਣ ਤੇ ਪੱਟ ਚੀਰ ਕੇ ਕਬਾਬ ਬਣਾ ਕੇ ਲੈ ਜਾਣਾ

ਇਕ ਰੋਜ਼ ਰਜ਼ਾਇ ਥੀਂ ਅੰਬਰ ਬਣਿਆ,
ਲੱਥਾ ਮੀਂਹ ਪਹਾੜ ਦੇ ਵਾਰ ਜਾਨੀ ।
ਬਹੁਤ ਰੋਜ਼ ਥੀਂ ਜ਼ੋਰ ਝਨਾਉਂ ਚੜ੍ਹੀ,
ਮੱਛੀ ਹੱਲ ਗਈ ਉਸ ਵਾਰ ਜਾਨੀ ।
ਕੋਈ ਮੀਰ ਸ਼ਿਕਾਰ ਭੀ ਨਾ ਪਹੁੰਚਾ,
ਭਾਇ ਅਸ਼ਕਾਂ ਬਣੀ ਲਾਚਾਰ ਜਾਨੀ ।
ਵੇਲਾ ਨਿੱਤ ਦਾ ਆਇ ਨਜ਼ੀਕ ਪਹੁਤਾ,
ਪਈ ਰਾਤ ਕਾਲੀ ਧੁੰਧੂਕਾਰ ਜਾਨੀ ।
ਮਹੀਂਵਾਲ ਕੰਢੇ ਉੱਤੇ ਆਇ ਖਲਾ,
ਕੂਕੇ ਰੱਬ ਤੇ ਕਰੇ ਪੁਕਾਰ ਜਾਨੀ ।
ਆਖੇ ਚਾਰ ਮੁਸੀਬਤਾਂ ਪੇਸ਼ ਆਈਆਂ,
ਹੋਇਓਂ ਸਾਹਿਬਾ ਆਪ ਕੱਹਾਰ ਜਾਨੀ ।
ਇਕ ਨਹੀਂ ਮੱਛੀ, ਦੂਜਾ ਨੈਂ ਚੜ੍ਹੀ,
ਤੀਜਾ ਮੀਂਹ, ਚੌਥਾ ਇੰਤਜ਼ਾਰ ਜਾਨੀ ।
ਜੇਕਰ ਯਾਰ ਤਾਈਂ ਅੱਜ ਨਾਂਹ ਮਿਲਸਾਂ,
ਕਿਹਾ ਉਸ ਦਾ ਮੈਂ ਯਾਰ ਗ਼ਾਰ ਜਾਨੀ ।
ਖ਼ਾਤਰ ਯਾਰ ਦੀ ਚੀਰ ਝਨਾਉਂ ਜਾਵਾਂ,
ਖਾਲੀ ਜਾਵਣਾ ਨਹੀਂ ਦਰਕਾਰ ਜਾਨੀ ।
ਓੜਕ ਫੇਰ ਝੁੱਗੀ ਅੰਦਰ ਜਾਇ ਵੜਿਆ,
ਚੀਰੇ ਪੱਟ ਨੂੰ ਖੱਲ ਉਤਾਰ ਜਾਨੀ ।
ਆਸ਼ਕ ਮਾਸ ਜ਼ਿੰਦਾ ਵੱਢ ਲਿਆ ਪੱਟੋਂ,
ਮਾਵਾ ਰੋਜ਼ ਦਾ ਸਮਝ ਵਿਚਾਰ ਜਾਨੀ ।
ਖ਼ਾਸੇ ਲਾ ਮਸਾਲੜੇ ਚਾੜ੍ਹ ਸੀਖੀਂ,
ਹੱਥੀਂ ਭੁੰਨਦਾ ਖ਼ੂਬ ਸਵਾਰ ਜਾਨੀ ।
ਬੰਨ੍ਹ ਪੱਟ ਤੇ ਪੱਟੀਆਂ ਭੁੰਨ ਗੋਸ਼ਤ,
ਗਿਆ ਲੰਘ ਝਨਾਉਂ ਥੀਂ ਪਾਰ ਜਾਨੀ ।
ਪਹਿਲੋਂ ਯਾਰ ਨੂੰ ਮਿਲੇ, ਸ਼ਿਕਾਰ ਪਿਛੋਂ,
ਦੇਵੇ ਯਾਰ ਦੀ ਨਜ਼ਰ ਗੁਜ਼ਾਰ ਜਾਨੀ ।
ਸੋਹਣੀ ਪਕੜ ਕਬਾਬ ਨੂੰ ਮੁੱਖ ਪਾਵੇ,
ਸੁੱਟੇ ਹੋਇ ਕੇ ਤੁਰੰਤ ਬੇਜ਼ਾਰ ਜਾਨੀ ।
ਸੱਚ ਦੱਸ ਬਲਾ ਕੀ ਆਂਦੀਓ ਈ,
ਅੱਜ ਭੁੰਨ ਕੇ ਯਾਰ ਗ਼ਮਖ਼ਾਰ ਜਾਨੀ ।
ਮਹੀਂਵਾਲ ਕਿਹਾ ਮੱਛੀ ਆਂਦੀ ਆ ਮੈਂ,
ਤੇਰੇ ਕਾਰਨੇ ਯਾਰ ਦਿਲਦਾਰ ਜਾਨੀ ।
ਖਾਓ ਨਾਲ ਯਕੀਨ ਵਿਸ਼ਵਾਸ ਨਾਹੀਂ,
ਲਿਆ ਭੁੰਨ ਮੈਂ ਆਪ ਸ਼ਿਕਾਰ ਜਾਨੀ ।
ਮੱਛੀ ਅੱਜ ਵਾਲੀ ਸੱਚ ਸਖ਼ਤ ਆਹੀ,
ਕਰੋ ਕੁਝ ਨਾ ਹੋਰ ਵਿਚਾਰ ਜਾਨੀ ।
ਸੋਹਣੀ ਫੇਰ ਮਜ਼ਾਖ ਦੇ ਨਾਲ ਕਹਿਆ,
ਮੱਛੀ ਨਹੀਂ ਇਹ ਯਾਰ ਸਰਦਾਰ ਜਾਨੀ ।
ਏਹਦਾ ਹੋਰ ਦਾ ਹੋਰ ਸਵਾਦ ਆਵੇ,
ਮੈਥੇ ਆਖ ਤੂੰ ਸੱਚ ਨਿਤਾਰ ਜਾਨੀ ।
ਮਹੀਂਵਾਲ ਨੇ ਹਾਲ ਵਿਖਾਲ ਦਿੱਤਾ,
ਜਦੋਂ ਪੁਛ ਕੀਤੀ ਵਾਰ ਵਾਰ ਜਾਨੀ ।
ਪੱਟੋਂ ਪੱਟੀਆਂ ਖੋਲ੍ਹ ਕੇ ਯਾਰ ਅੱਗੇ,
ਮਹੀਂਵਾਲ ਰੁੰਨਾ ਜ਼ਾਰੋ ਜ਼ਾਰ ਜਾਨੀ ।
ਅਜੇ ਨਹੀਂ ਸਵਾਦ ਜੇ ਤੁਧ ਤਾਈਂ,
ਹਾਜ਼ਰ ਜਾਨ ਮੇਰੀ ਮੈਨੂੰ ਮਾਰ ਜਾਨੀ ।
ਸੋਹਣੀ ਵੇਖ ਰੁੰਨੀ ਫੱਟ ਪੱਟ ਸੰਦਾ,
ਪੁੱਟ ਸੁੱਟਦੀ ਵਾਲ ਹਜ਼ਾਰ ਜਾਨੀ ।
ਪੱਟ ਚੀਰ ਸਾਈਆਂ ਮੈਨੂੰ ਪੱਟਿਓ ਈ,
ਪੱਟ ਪੱਟ ਤੇ ਸੱਟਿਓ ਯਾਰ ਜਾਨੀ ।
ਛੇਤੀ ਪੱਟ ਤੇ ਪੱਟੀਆਂ ਬੰਨ੍ਹ ਯਾਰਾ,
ਤੈਥੋਂ ਘੋਲ ਘੱਤੀ ਸੁਟੀ ਵਾਰ ਜਾਨੀ ।
ਬੱਸ ਸੱਜਣਾ ਓ ਤੈਥੋਂ ਹੱਦ ਹੋਈ,
ਜਾਹ ਬੈਠ ਹੁਣ ਨਾਲ ਕਰਾਰ ਜਾਨੀ ।
ਜਿਤ ਕਿਤ ਮਿਲਸਾਂ ਨਿੱਤ ਪਾਰ ਤੈਨੂੰ,
ਤੁਸਾਂ ਆਵਣਾ ਨਹੀਂ ਉਰਾਰ ਜਾਨੀ ।
ਮਹੀਂਵਾਲ ਬੀਮਾਰ ਸਿਧਾਰ ਗਿਆ,
ਪਾਰ ਵਾਰ, ਇਹ ਮੰਨ ਗੁਫ਼ਤਾਰ ਜਾਨੀ ।
ਇਸ ਥੀਂ ਬਾਦ ਸੋਹਣੀ ਮਹੀਂਵਾਲ ਤਾਈਂ,
ਜਾ ਕੇ ਪਾਰ ਮਿਲੇ ਨਾਲ ਯਾਰ ਜਾਨੀ ।
ਨਿੱਤ ਘੜਾ ਲੈ ਕੇ ਠਿਲ੍ਹ ਪਾਰ ਜਾਵੇ,
ਕਰੇ ਯਾਰ ਦਾ ਜਾ ਦੀਦਾਰ ਜਾਨੀ ।
ਮੁੜਦੀ ਵਾਰ ਲੁਕਾ ਕੇ ਰੱਖ ਆਵੇ,
ਘੜਾ ਬੂਟਿਆਂ ਦੇ ਵਿਚਕਾਰ ਜਾਨੀ ।
ਫ਼ਜ਼ਲ ਸ਼ਾਹ ਪਰ ਮੁੱਦਤਾਂ ਗੁਜ਼ਰ ਗਈਆਂ,
ਰਹੀ ਸੋਹਣੀ ਦੀ ਏਹੋ ਕਾਰ ਜਾਨੀ ।