ਸੋਹਣੀ ਮਹੀਂਵਾਲ

ਸੋਹਣੀ ਦੀ ਨਨਾਣ ਨੂੰ ਖ਼ਬਰ ਹੋਣੀ ਤੇ ਪੱਕੇ ਘੜੇ ਦਾ ਬਦਲਣਾ

ਇਕ ਰਾਤ ਚੱਲੀ ਸੋਹਣੀ ਯਾਰ ਵੱਲੇ,
ਸੋਹਣਾ ਹਾਰ ਸ਼ਿੰਗਾਰ ਲਗਾ ਬੇਲੀ ।
ਸੁੱਤੀ ਪਈ ਨਨਾਣ ਨੂੰ ਜਾਗ ਆਈ,
ਉਹ ਭੀ ਮਗਰ ਚੱਲੀ ਕਰ ਧਾ ਬੇਲੀ ।
ਸੋਹਣੀ ਨਿਕਲ ਦਰਵਾਜ਼ਿਓਂ ਰਵਾਂ ਹੋਈ,
ਧਰਿਆ ਮੂੰਹ ਝਨਾਓਂ ਦੇ ਦਾ ਬੇਲੀ ।
ਖੋਜ ਚੋਰ ਸੰਦਾ ਖੋਜੀ ਪਕੜ ਲਿਆ,
ਐਪਰ ਚੋਰ ਨੂੰ ਖ਼ਬਰ ਨਾ ਕਾ ਬੇਲੀ ।
ਘੜਾ ਚਾ ਲੈਂਦੀ ਓਹਨਾਂ ਬੂਟਿਆਂ ਥੀਂ,
ਜਿਥੇ ਆਂਵਦੀ ਨਿੱਤ ਲੁਕਾ ਬੇਲੀ ।
ਸਿਰ ਤੇ ਬੰਨ੍ਹ ਵਾਹਲ ਰੱਬ ਯਾਦ ਕਰਕੇ,
ਸੋਹਣੀ ਠਿਲ੍ਹ ਪਈ ਦਰਿਆ ਬੇਲੀ ।
ਮਿਲ ਕੇ ਯਾਰ ਨੂੰ ਲੰਘ ਉਰਾਰ ਆਵੇ,
ਰੱਖੇ ਘੜੇ ਨੂੰ ਫੇਰ ਛੁਪਾ ਬੇਲੀ ।
ਓਹਲੇ ਬੈਠ ਨਿਨਾਣ ਨੇ ਸਭ ਡਿੱਠਾ,
ਐਪਰ ਉਠ ਗਈ ਗ਼ੁੱਸਾ ਖਾ ਬੇਲੀ ।
ਅਗੋਂ ਸੋਹਣੀ ਵੀ ਘਰੀਂ ਜਾ ਸੁੱਤੀ,
ਅਲਫ਼ੋਂ ਯੇ ਤੀਕਰ ਗਲ ਪਾ ਬੇਲੀ ।
ਜਦੋਂ ਫ਼ਜ਼ਰ ਹੋਈ ਉਹ ਭੀ ਕਹਿਰ ਭਰੀ,
ਗਈ ਤਰਫ਼ ਦੁਕਾਨ ਸਿਧਾ ਬੇਲੀ ।
ਫੇਰ ਤਰਫ਼ ਝਨਾਉਂ ਦੀ ਰਵਾਂ ਹੋਈ,
ਕੱਚਾ ਘੜਾ ਦੁਕਾਨ ਥੀਂ ਚਾ ਬੇਲੀ ।
ਜਿਥੇ ਸੋਹਣੀ ਘੜਾ ਟਿਕਾਇਆ ਸੀ,
ਜਾ ਪਹੁੰਚੀ ਓਸੇ ਹੀ ਜਾ ਬੇਲੀ ।
ਕੱਚਾ ਬੂਟਿਆਂ ਵਿਚ ਲੁਕਾ ਰੱਖੇ,
ਪੱਕੇ ਘੜੇ ਦੇ ਨਾਲ ਵਟਾ ਬੇਲੀ ।
ਕੱਚੀ ਕੱਚ ਕੀਤਾ ਧੁਰੋਂ ਸੱਚ ਆਹਾ,
ਕਿਹੜਾ ਲਿਖਿਆ ਲੇਖ ਮਿਟਾ ਬੇਲੀ ।
ਘਰੀਂ ਆਇ ਪਹੁੰਚੀ ਖ਼ੂਨਣ ਆਸ਼ਕਾਂ ਦੀ,
ਦੇਵੇ ਮਾਂ ਨੂੰ ਬਾਤ ਸੁਣਾ ਬੇਲੀ ।
ਉਸ ਦੀ ਮਾਓਂ ਭੀ ਮਾਰਨਾ ਲੋੜਦੀ ਸੀ,
ਦਿੱਤੀ ਆਸ ਖ਼ੁਦਾ ਪੁਜਾ ਬੇਲੀ ।
ਆਈ ਕਹਿਰ ਤੇ ਗ਼ਜ਼ਬ ਦੀ ਰਾਤ ਮੁੜਕੇ,
ਕਾਲਾ ਮਾਤਮੀ ਵੇਸ ਵਟਾ ਬੇਲੀ ।
ਅੱਧੀ ਰਾਤ ਟੁਰੀ ਸੋਹਣੀ ਯਾਰ ਵੱਲੇ,
ਗਈ ਪੀਰ ਫ਼ਕੀਰ ਮਨਾ ਬੇਲੀ ।
ਇਕ ਰਾਤ ਨ੍ਹੇਰੀ, ਵਗੇ ਵਾ ਦੂਜੀ,
ਪੁੱਟ ਸੁੱਟਦੀ ਰੁੱਖ ਉਠਾ ਬੇਲੀ ।
ਬਿਜਲੀ ਬੱਦਲਾਂ ਥੀਂ ਕੜਕ ਮਾਰ ਪੈਂਦੀ,
ਦੇਂਦੀ ਤਬਕ ਜ਼ਮੀਨ ਹਿਲਾ ਬੇਲੀ ।
ਅਜਲ ਪਈ ਪੁਕਾਰਦੀ ਸੋਹਣੀ ਨੂੰ,
ਮੈਥੇ ਆ ਬੇਲੀ, ਮੈਥੇ ਆ ਬੇਲੀ ।
ਜਿਉਂ ਜਿਉਂ ਸੋਹਣੀ ਨੂੰ ਸੱਦ ਪੈਣ ਯਾਰੋ,
ਤਿਉਂ ਤਿਉਂ ਆਂਵਦੀ ਪੈਰ ਉਠਾ ਬੇਲੀ ।
ਦੇਉ ਵਾਂਗ ਉਸ ਜੰਡ ਕਰੀਰ ਦਿੱਸਣ,
ਦੇਣ ਰੱਤ ਸਰੀਰ ਸੁਕਾ ਬੇਲੀ ।
ਗ਼ੁਲ ਚਾਰ ਚੁਫ਼ੇਰੇ ਆਵਾਜ਼ ਕਰਦੇ,
ਹੋਰ ਲੱਖ ਕਰੋੜ ਬਲਾ ਬੇਲੀ ।
ਉਸ ਰਾਤ ਹਜ਼ਾਰ ਆਫ਼ਾਤ ਆਈ,
ਖੋਲ੍ਹ ਮੂੰਹ ਬੈਠੇ ਅਯਦਹਾ ਬੇਲੀ ।
ਪੈਰੀਂ ਚੁਭਨ ਸੂਲਾਂ, ਸੂਲਾਂ ਵਾਲੜੀ ਨੂੰ,
ਆਹੀ ਜਾਹ ਨਾ ਖ਼ੈਰ ਧਰਾ ਬੇਲੀ ।
ਓੜਕ ਝਾਗ ਮੁਸੀਬਤਾਂ ਜਾਇ ਪਹੁੰਚੀ,
ਜਿਥੇ ਆਂਵਦੀ ਘੜਾ ਟਿਕਾ ਬੇਲੀ ।
ਓਹਨਾਂ ਬੂਟਿਆਂ ਥੀਂ ਘੜਾ ਚਾਇ ਲੈਂਦੀ,
ਕਰਕੇ ਯਾਦ ਰਸੂਲ ਖ਼ੁਦਾ ਬੇਲੀ ।
ਘੜਾ ਪਕੜਨੇ ਥੀਂ ਕੱਚਾ ਨਜ਼ਰ ਆਇਆ,
ਰੋ ਰੋ ਕੂਕਦੀ ਘੱਤ ਕਹਾ ਬੇਲੀ ।
ਏਵੇਂ ਪਈ ਪੁਕਾਰਦੀ ਰੱਬ ਅੱਗੇ,
ਜਿਵੇਂ ਸਾਹਿਬਾਂ ਤੁਧ ਰਜ਼ਾ ਬੇਲੀ ।
ਮੇਰਾ ਪੱਕਿਓਂ ਕੀਤਾ ਈ ਚਾ ਕੱਚਾ,
ਕਿਹੜਾ ਦੇ ਤਕਦੀਰ ਮਿਟਾ ਬੇਲੀ ।
ਜੇਕਰ ਆਪ ਰਖੇਂ ਮਾਰੇ ਕੌਣ ਸਾਈਆਂ,
ਮੋਈ ਹੋਈ ਨੂੰ ਦੇਇੰ ਜਿਆ ਬੇਲੀ ।
ਕਈ ਲੱਖ ਅਨਤਾਰੂਆਂ ਡੁੱਬਦਿਆਂ ਨੂੰ,
ਦੇਵੇਂ ਫ਼ਜ਼ਲ ਥੀਂ ਪਾਰ ਲੰਘਾ ਬੇਲੀ ।
ਜੇਕਰ ਮੁੜਾਂ ਤਾਂ ਇਸ਼ਕ ਨੂੰ ਲਾਜ ਲਗਦੀ,
ਮੁੜਨ ਅਸ਼ਕਾਂ ਨਹੀਂ ਰਵਾ ਬੇਲੀ ।
ਰਾਤ ਯਾਰ ਵਾਲੀ ਅੱਜ ਮੁਝ ਉੱਤੇ,
ਮੁੜਿਆ ਦੀਨ ਈਮਾਨ ਥੀਂ ਜਾ ਬੇਲੀ ।
ਜੇਕਰ ਪਿਛਾਂ ਜਾਵਾਂ ਝੂਠੀ ਯਾਰ ਵੱਲੋਂ,
ਪਿਛਾਂ ਜਾਣ ਦੇ ਵਿਚ ਖ਼ਤਾ ਬੇਲੀ ।
ਜੇਕਰ ਸੰਗ ਰੱਖੀ ਕੀਕਰ ਸੰਗ ਮਿਲਸਾਂ,
ਸੰਗ ਵਾਲੜੇ ਸੰਗ ਗਵਾ ਬੇਲੀ ।
ਪਿਛਾਂ ਮੁੜਨ ਕੇਹਾ ਜੇਕਰ ਪੈਰ ਮੋੜਾਂ,
ਜਲਾਂ ਦੋਜ਼ਖ਼ੀਂ ਮਿਲੇ ਸਜ਼ਾ ਬੇਲੀ ।
ਸੋਹਣੀ ਤਾਂ ਹੋਵਾਂ ਜੇਕਰ ਅੱਜ ਮਿਲਸਾਂ,
ਨਹੀਂ ਕੋਝੜੀ ਨਾਮ ਧਰਾ ਬੇਲੀ ।
ਮੈਥੋਂ ਕਿਵੇਂ ਨਾ ਮੂਲ ਕਜ਼ਾ ਹੋਸੀ,
ਜੋ ਕੁਝ ਆਈ ਆਂ ਲੇਖ ਲਿਖਾ ਬੇਲੀ ।
ਜੇਕਰ ਪਿਛਾਂਹ ਮੁੜਾਂ ਕਾਫ਼ਰ ਹੋਇ ਮਰਾਂ,
ਦੋਜ਼ਖ਼ ਕੁਲ ਕੁਫ਼ਾਰ ਦੀ ਜਾ ਬੇਲੀ ।
ਮਹੀਂਵਾਲ ਤਾਈਂ ਕਾਬਾ ਜਾਣਿਆ ਮੈਂ,
ਕਿਹੜਾ ਕਾਬਿਓਂ ਮੁੱਖ ਭਵਾ ਬੇਲੀ ।
ਸੱਚਾ ਇਸ਼ਕ ਤਾਹੀਂ ਜੇਕਰ ਅੱਜ ਮਿਲਸਾਂ,
ਦਿਆਂ ਜਾਨ ਨੂੰ ਘੋਲ ਘੁਮਾ ਬੇਲੀ ।
ਇਕੇ ਯਾਰ ਦਾ ਜਾ ਦੀਦਾਰ ਕੀਤਾ,
ਇਕੇ ਜਾਨ ਹੋ ਗਈ ਫ਼ਿਦਾ ਬੇਲੀ ।
ਬਾਝ ਯਾਰ ਦਿਲਦਾਰ ਗ਼ੁਬਾਰ ਦਿੱਸੇ,
ਮਹੀਂਵਾਲ ਦਾ ਹੈ ਮੈਨੂੰ ਚਾ ਬੇਲੀ ।
ਘੜਾ ਪਕੜ ਕੇ ਹੋ ਰਵਾਨ ਟੁਰੀ,
ਨਾਲ ਸਿਦਕ ਯਕੀਨ ਸਫ਼ਾ ਬੇਲੀ ।
ਇਕ ਯਾਰ ਦਾ ਪਿਆਰ ਦਰਕਾਰ ਜਾਤਾ,
ਚਲੀ ਗ਼ੈਰ ਦੀ ਪ੍ਰੀਤ ਚੁਕਾ ਬੇਲੀ ।
ਸੋਹਣੀ ਜਾਇ ਪਹੁੰਚੀ ਉਪਰ ਕੰਢੜੇ ਦੇ,
ਮੂੰਹੋਂ ਮੰਗਦੀ ਖੜੀ ਦੁਆ ਬੇਲੀ ।
ਸਿਰ ਤੇ ਬੰਨ੍ਹ ਵਾਹਲ ਕਲਮਾ ਯਾਦ ਕੀਤਾ,
ਟੁਰੀ ਯਾਰ ਦਾ ਲੈਣ ਲਕਾ ਬੇਲੀ ।
ਫ਼ਜ਼ਲ ਜਾਣ ਕੇ ਜਾਨ ਵੰਞਾਣ ਆਸ਼ਕ,
ਮੁੜਦੇ ਇਸ਼ਕ ਨੂੰ ਲਾਜ ਨਾ ਲਾ ਬੇਲੀ ।