ਸੋਹਣੀ ਮਹੀਂਵਾਲ

ਸੋਹਣੀ ਦਾ ਦਰਿਆ ਵਿਚ ਠੱਲ੍ਹਣਾ ਤੇ

ਪਾਣੀ ਚੜ੍ਹ ਆਇਆ ਉਪਰ ਕੰਢਿਆਂ ਦੇ,
ਓਸ ਰਾਤ ਸੀ ਐਡ ਤੂਫ਼ਾਨ ਮੀਆਂ ।
ਸੋਹਣੀ ਵਿਚ ਦਰਿਆ ਦੇ ਜਾਇ ਵੜੀ,
ਕੰਬ ਗਏ ਨੀ ਜ਼ਿਮੀਂ ਅਸਮਾਨ ਮੀਆਂ ।
ਅੰਬਰ ਕੜਕ ਡਰਾਂਵਦੇ ਰ੍ਹਾਦ ਵਾਂਗੂੰ,
ਦੇਖ ਸਹਿਮ ਗਈ ਉਹਦੀ ਜਾਨ ਮੀਆਂ ।
ਮੁੜ ਮੁੜ ਦੇ ਤਸੱਲੀਆਂ ਜੀ ਤਾਈਂ,
ਮੰਦਾ ਯਾਰ ਤੋਂ ਮੁੱਖ ਭਵਾਨ ਮੀਆਂ ।
ਮੁੱਖ ਮੋੜਿਆਂ ਇਸ਼ਕ ਨੂੰ ਲਾਜ ਲੱਗੇ,
ਮਹੀਂਵਾਲ ਤੇ ਜਾਨ ਕੁਰਬਾਨ ਮੀਆਂ ।
ਮਹੀਂਵਾਲ ਹੈ ਦੋ ਜਹਾਨ ਅੰਦਰ,
ਮਾਲ ਜਾਨ ਤੇ ਦੀਨ ਈਮਾਨ ਮੀਆਂ ।
ਵਾਲੀ ਰੂਹ ਦਾ ਹੋ ਉਦਾਸ ਟੁਰਿਆ,
ਝੁਲੀ ਆਇ ਕੇ ਵਾ ਖ਼ਿਜ਼ਾਨ ਮੀਆਂ ।
ਓੜਕ ਬੰਨ੍ਹ ਮੁਡਾਂਸੜਾ ਠਿਲ੍ਹ ਪਈ,
ਕੱਚੇ ਘੜੇ ਉੱਤੇ ਲਾਇਆ ਤਾਨ ਮੀਆਂ ।
ਜੋ ਕੁਝ ਲੋਹ ਮਹਫ਼ੂਜ਼ ਤੇ ਲਿਖਿਆ ਸੀ,
ਸੋਈ ਵਹਿ ਮਿਲਸੀ ਅੱਜ ਆਨ ਮੀਆਂ ।
ਕਰੇ ਜਾਨ ਹਵਾਲੜੇ ਯਾਰ ਦੇ ਜੀ,
ਜਿਹੜਾ ਯਾਰ ਸੀ ਵਿਰਦ ਜ਼ਬਾਨ ਮੀਆਂ ।
ਅੱਜ ਸ਼ਾਖ਼ ਉਮੈਦ ਦੀ ਟੁੱਟ ਪੈਸੀ,
ਹੋਸੀ ਬਾਗ਼ ਵਜੂਦ ਵੈਰਾਨ ਮੀਆਂ ।
ਫ਼ਜ਼ਲ ਯਾਰ ਤੋਂ ਮੁੱਖ ਨਾ ਮੋੜਿਓ ਸੂ,
ਹੋਈ ਯਾਰ ਦੇ ਵੱਲ ਰਵਾਨ ਮੀਆਂ ।