ਸੋਹਣੀ ਮਹੀਂਵਾਲ

ਸੋਹਣੀ ਦਾ ਗ਼ੋਤੇ ਖਾਣਾ

ਵੰਝੀਂ ਹਾਥ ਝਨਾਉਂ ਅੰਧੇਰ ਚੜ੍ਹੀ,
ਓਸ ਰਾਤ ਸੀ ਐਡ ਉਛਾਲ ਹੋਈ ।
ਕੱਚਾ ਘੜਾ ਗੁਦਾਜ਼ ਹੋ ਗਿਆ ਸਾਰਾ,
ਵਾਹਲ ਭਿੱਜ ਗਈ ਮੰਦੇ ਹਾਲ ਹੋਈ ।
ਘੁੰਮਣਘੇਰ ਚੁਫੇਰ ਅੰਧੇਰ ਕੀਤਾ,
ਨਾਲ ਲਹਿਰ ਕਜ਼ਾ ਪਾਮਾਲ ਹੋਈ ।
ਹੁਣ ਆਇ ਕੇ ਦੇਖ ਪਿਆਰਿਆ ਓਏ,
ਜੋ ਕੁਛ ਮੈਂ ਨਿਮਾਣੀ ਦੇ ਨਾਲ ਹੋਈ ।
ਰੱਬ ਕਰੇ ਨਸੀਬ ਨਾ ਦੂਤੀਆਂ ਦੇ,
ਜੋ ਕੁਝ ਨਾਲ ਮੇਰੇ ਮਹੀਂਵਾਲ ਹੋਈ ।
ਲਖ ਮੌਜ ਸੰਦੀ ਪਈ ਫ਼ੌਜ ਮੈਨੂੰ,
ਮੈਥੋਂ ਜ਼ਰਾ ਨਾ ਸੁਰਤ ਸੰਭਾਲ ਹੋਈ ।
ਗਿਆ ਪਾਟ ਜਹਾਜ਼ ਉਮੈਦ ਵਾਲਾ,
ਮੇਰੀ ਜ਼ਿੰਦਗੀ ਖ਼ਾਬ ਖ਼ਿਆਲ ਹੋਈ ।
ਸਿਰ ਸਿਰ ਲਾ ਬਾਜ਼ੀ ਤੱਤੀ ਖੇਡ ਬੈਠੀ,
ਓੜਕ ਤਿੰਨ ਕਾਣੇ ਮੇਰੀ ਚਾਲ ਹੋਈ ।
ਜਿਹੜੀ ਸੋਹਣੀ ਲਈ ਫ਼ਕੀਰ ਹੋਇਓਂ,
ਛੁਰੀ ਅਜਲ ਦੀ ਨਾਲ ਹਲਾਲ ਹੋਈ ।
ਛੁੱਟਾ ਤੀਰ ਤਕਦੀਰ ਦਾ ਗ਼ੈਬ ਵੱਲੋਂ,
ਮੇਰੀ ਜਾਨ ਓਇ ਪਿਆਰਿਆ ਢਾਲ ਹੋਈ ।
ਕਈ ੱਖ ਅਫ਼ਾਤ ਝਨਾਉਂ ਸੰਦੀ,
ਮੇਰੇ ਖਾਣ ਕਾਰਨ ਖੁਸ਼ਹਾਲ ਹੋਈ ।
ਹਾਏ ! ਹਾਏ ! ਹਾਲ ਮੇਰਾ ਤੈਨੂੰ ਕੌਣ ਦੱਸੇ,
ਫ਼ਰਿਆਦ ਮੇਰੀ ਵਾਲ ਵਾਲ ਹੋਈ ।
ਸ਼ਾਲਾ ਮਰੇ ਉਸ ਘੜਾ ਵਟੇਂਦੜੀ ਦਾ,
ਜਿਹੜੀ ਅਸਾਂ ਵਿਛੋੜ ਨਿਹਾਲ ਹੋਈ ।
ਮੇਰੇ ਰੂਹ ਦੇ ਬਾਜ਼ ਪਰਵਾਜ਼ ਕੀਤਾ,
ਖ਼ਾਲੀ ਆਸ਼ਕਾਂ ਹੱਥ ਦਵਾਲ ਹੋਈ ।
ਇਕ ਵਾਰ ਦੀਦਾਰ ਹੁਣ ਆ ਦੇਵੀਂ,
ਤੇਰੇ ਮੁੱਖ ਦੀ ਭੁੱਖ ਕਮਾਲ ਹੋਈ ।
ਖ਼ੂਨੀ ਮੌਤ ਦਾ ਆਣ ਗ਼ਨੀਮ ਲੱਥਾ,
ਸ਼ਹਿਰ ਆਸ਼ਕਾਂ ਦੇ ਹੜਤਾਲ ਹੋਈ ।
ਮੁੜਕੇ ਰੋਜ਼ ਕਿਆਮਤ ਦੇ ਮੇਲੜਾ ਈ,
ਏਹੋ ਭਾ ਅਸਾਡੜੇ ਨਾਲ ਹੋਈ ।
ਰੱਜ ਕੀਤੀਆਂ ਨਾ ਤੇਰੇ ਨਾਲ ਗੱਲਾਂ,
ਸਾਰੀ ਉਮਰ ਦੁੱਖ ਅੰਦਰ ਜਾਲ ਹੋਈ ।
ਹੋਇਆ ਸੁੱਖ ਨਸੀਬ ਨਾ ਤੱਤੜੀ ਨੂੰ,
ਹੱਥੋਂ ਤਾਨ੍ਹਿਆਂ ਜਾਨ ਵਬਾਲ ਹੋਈ ।
ਦਿਲ ਦਾ ਖ਼ੂਨ ਅੱਖੀਂ ਭਰ ਕੇ ਰੋਨੀ ਆਂ ਮੈਂ,
ਮੇਰੇ ਹੰਝੂਆਂ ਥੀਂ ਨਦੀ ਲਾਲ ਹੋਈ ।
ਚੋਰੀ ਮਿਲਣ ਆਇਆ ਅੱਗੇ ਦੂਤੀਆਂ ਤੋਂ,
ਹੁਣ ਬੇਲੀਆ ਗੱਲ ਮੁਹਾਲ ਹੋਈ ।
ਫ਼ਜ਼ਲ ਯਾਰ ਪਿਆਰੇ ਨੂੰ ਕੂਕਦੀ ਸੀ,
ਸੋਹਣੀ ਗੋਤਿਆਂ ਨਾਲ ਨਿਢਾਲ ਹੋਈ ।