ਸੋਹਣੀ ਮਹੀਂਵਾਲ

ਸੋਹਣੀ ਦੇ ਵੈਣ

ਹੁਣ ਆ ਮਿਲ ਪਿਆਰਿਆ ਵੇਲੜਾ ਈ,
ਲੱਗੀ ਸਾਂਗ ਵਿਛੋੜੇ ਦੀ ਤਾਰ ਮੈਨੂੰ ।
ਹੋਸੀ ਜਿਉਂਦਿਆਂ ਫੇਰ ਨਾ ਮੇਲ ਤੇਰਾ,
ਜਾਂਦੀ ਵਕਤ ਆ ਦੇਹ ਦੀਦਾਰ ਮੈਨੂੰ ।
ਲੱਗਾ ਤੀਰ ਫ਼ਿਰਾਕ ਦਾ ਵਿਚ ਸੀਨੇ,
ਨਿਕਲ ਪਾਰ ਗਿਆ ਅਵਾਸਾਰ ਮੈਨੂੰ ।
ਅਜ਼ਰਾਈਲ ਵਕੀਲ ਹੈ ਆਣ ਖਲਾ,
ਦੇਂਦਾ ਲੈਣ ਨਾ ਪਲਕ ਕਰਾਰ ਮੈਨੂੰ ।
ਮੁੜ ਮੁੜ ਦੇਹ ਉਥੱਲ ਪੁਥੱਲ ਸਾਈਆਂ,
ਲਿਆ ਝੰਬ ਅੰਧੇਰੀ ਨੇ ਮਾਰ ਮੈਨੂੰ ।
ਨਾਲੇ ਗੜਾ ਲੱਥਾ ਕਿਸੇ ਕਹਿਰ ਦਾ ਈ,
ਖਾਵੇ ਬਿਜਲੀ ਦਾ ਚਮਤਕਾਰ ਮੈਨੂੰ ।
ਮੂਸੇ ਵਾਂਗ ਆਈ ਯਾਰ ਰਾਤ ਕਾਲੀ,
ਧੁੰਧੂਕਾਰ ਤੇ ਅਬਰ ਗ਼ੁਬਾਰ ਮੈਨੂੰ ।
ਮੇਰੀ ਜਾਨ ਅਜ਼ਾਬ ਦੇ ਮੁੱਖ ਆਈ,
ਮੌਲਾ ਸਮਝ ਲੀਤਾ ਗੁਨਹਗਾਰ ਮੈਨੂੰ ।
ਲੈ ਓ ਯਾਰ ! ਲਬਾਂ ਉੱਤੇ ਜਾਨ ਆਈ,
ਹੁਣ ਦੀਦ ਤਾਂ ਦੇਹ ਇਕ ਵਾਰ ਮੈਨੂੰ ।
ਬਾਜ਼ ਅਜ਼ਲ ਦੇ ਤੇਜ਼ ਤਰਾਰ ਖ਼ੂਨੀ,
ਕੀਤਾ ਵਿਚ ਪਲਕਾਰ ਸ਼ਿਕਾਰ ਮੈਨੂੰ ।
ਲੰਮੇ ਵਹਿਣ ਪਈ ਆ ਤੇਰੀ ਸੋਹਣੀ ਓਇ,
ਹੁਣ ਆ ਲੰਘਾ ਖਾਂ ਪਾਰ ਮੈਨੂੰ ।
ਮੱਛ ਕੱਛ ਕੁੰਮੇ ਤੰਦਵੇ ਬੁਲ੍ਹਣਾਂ ਭੀ,
ਆਏ ਖਾਣ ਹਜ਼ਾਰ ਸੰਸਾਰ ਮੈਨੂੰ ।
ਏਹੋਲੇਖ ਮੇਰੇ ਮੱਥੇ ਲਿਖਿਆ ਸੀ,
ਜਿਹੜਾ ਅੱਜ ਹੋਇਆ ਇਜ਼ਹਾਰ ਮੈਨੂੰ ।
ਮੇਰੀ ਜਾਨ ਤਰਸੰਦੜੀ ਲਏ ਤਰਲੇ,
ਮਿਲ ਜਾਹ ਓ ਪਿਆਰਿਆ ਯਾਰ ਮੈਨੂੰ ।
ਲੱਖ ਕੂਕ ਅਰਸ਼ੋਂ ਲੰਘ ਪਾਰ ਗਈਆਂ,
ਦਿੱਤੀ ਦਾਦ ਨਾ ਰੱਬ ਕੱਹਾਰ ਮੈਨੂੰ ।
ਤੱਤੀ ਰੱਜ ਨਾ ਦੇਖਿਆ ਮੁੱਖ ਤੇਰਾ,
ਆਣ ਬਣੀ ਓ ਯਾਰ ਲਾਚਾਰ ਮੈਨੂੰ ।
ਮੇਰੇ ਕਰਮ ਸਵੱਲੜੇ ਧੁਰੋਂ ਨਾਹੀਂ,
ਦਿੱਤੀ ਭਾਗ ਨਸੀਬ ਨੇ ਹਾਰ ਮੈਨੂੰ ।
ਆਪ ਆਇ ਕੇ ਮੁੱਖ ਵਿਖਾ ਸੋਹਣਾ,
ਮਰਦੀ ਵਾਰ ਤਾਂ ਸ਼ੁਕਰ ਗੁਜ਼ਾਰ ਮੈਨੂੰ ।
ਮੋਈ ਹੋਈ ਵੀ ਪਈ ਪੁਕਾਰਸਾਂਗੀ,
ਕੀਕਰ ਭੁੱਲ ਵੈਸੀ ਤੇਰਾ ਪਿਆਰ ਮੈਨੂੰ ।
ਪਈ ਧਾੜ ਅਜ਼ਗੈਬ ਦੀ ਤਾੜ ਕੇ ਤੇ,
ਰਾਹੋਂ ਲੁਟਿਆ ਈ ਮੇਰੇ ਯਾਰ ਮੈਨੂੰ ।
ਫ਼ਜ਼ਲ ਯਾਰ ਪਿਆਰਿਆ ਲਾ ਛਾਤੀ,
ਗ਼ਮਖ਼ਾਰ ਮੇਰੇ ਦਿਲਦਾਰ ਮੈਨੂੰ ।