ਸੱਸੀ ਪੰਨੂੰ

ਸਫ਼ਾ 27

ਕਾਕਾ ਨਾਮ ਇਆਲ਼ੀ ਆਹਾ, ਇਸ ਗੁਰੂ ਵਿਚ ਚਿਰ ਦਾ
ਡਿੱਠਾ ਉਹ ਸੱਸੀ ਨੇ ਦੂਰੋਂ, ਥਲ ਮਾਰੋ ਵਿਚ ਫਿਰਦਾ
ਅੰਚਰ ਛੋੜ ਨਿਸ਼ਾਨੀ ਕਰਕੇ, ਫੜੀਵਸ ਰਾਹ ਇਧਰ ਦਾ
ਹਾਸ਼ਿਮ ਕੂਕ ਕਰੇ ਤਿਸ ਵੱਲ ਨੂੰ, ਪਰ ਦਿਲ ਜਾ ਵੱਸ ਘਰ ਦਾ

ਸੂਰਤ ਵੇਖ ਇਆਲ਼ੀ ਡਰਿਆ, ਆਫ਼ਤ ਮਾਰ ਨਾ ਜਾਵੇ
ਆਦਮ ਰੂਪ ਜ਼ਨਾਨੀ ਸੂਰਤ, ਥਲ ਮਾਰੋ ਕਦ ਆਵੇ
ਜਿਉਂ ਜਿਉਂ ਸੁਣੇ ਆਵਾਜ਼ ਸੱਸੀ ਦੀ, ਛੁਪ ਛੁਪ ਜਾਣ ਬਚਾਵੇ
ਹਾਸ਼ਿਮ ਹੋਣ ਜਿਨ੍ਹਾਂ ਦਿਨ ਉਲਟੇ, ਸਭ ਉਲਟੀ ਬਣ ਜਾਵੇ

ਕੂਕ ਪੁਕਾਰ ਨਿਰਾਸ ਸੱਸੀ ਦੇ, ਖੋਜ ਬਣੇ ਮੁੜ ਦੌੜੀ
ਦਿਲ ਨੂੰ ਸਾੜ ਥਲਾਂ ਦੀ ਗਰਮੀ, ਰੂਹ ਅਨਜਾਨਨ ਥੋੜੀ
ਪਿੱਛਾ ਦੇ ਚਲੀ ਸ਼ਹਿਜ਼ਾਦੀ, ਜਾਣ ਲੱਗੀ ਫਿਰ ਕੌੜੀ
ਹਾਸ਼ਿਮ ਕੌਣ ਫ਼ਲਕ ਨੂੰ ਪਕੜੇ, ਜਾ ਚੜ੍ਹੇ ਧਿਰ ਪੌੜੀ

ਤਰਲੇ ਲੱਖ ਜਤਨ ਕਰ ਪੋਹਤੀ, ਖੋਜ ਤੋੜੀ ਹਠ ਕਰਕੇ
ਟੁੱਟਦੀ ਜਾਨ ਗਈਆਂ ਛੁੱਟ ਆਹੀਂ, ਯਾਦ ਬਲੋਚਾਂ ਕਰਕੇ
ਸ਼ਾਲਾ ਰੌਣ ਕਿਆਮਤ ਤੋੜੀ, ਨਾਲ਼ ਸੋਲਾਂ ਦਿਲ ਭਰ ਕੇ
ਹਾਸ਼ਿਮ ਮਰਨ ਬਲੋਚ ਬਦੀਸੀਂ, ਲੂਣ ਤਰ੍ਹਾਂ ਖੁਰ ਖੁਰ ਕੇ