ਪੂਰਨ ਭਗਤ

ਪੂਰਨ ਦਾ ਵਿਦਿਆ ਹੋਣਾ

12
ਸੀਨ ਸਮਝ ਮਾਤਾ ਤੂੰ ਤਾਂ ਭੋਲੀਏ ਨੀ,
ਪੂਰਨ ਭਗਤ ਖਲੋਇ ਕੇ ਦੇ ਮਤੀਂ ।
ਗੋਪੀ ਚੰਦ ਦੀ ਮਾਂ ਸਾਲਾਰੀਏ ਨੀ,
ਜਿਸ ਤੋਰਿਆ ਪੁਤਰ ਫ਼ਕੀਰ ਹਥੀਂ ।
ਤੂੰ ਭੀ ਟੋਰ ਮਾਤਾ ਰਾਜੀ ਹੋਏ ਕੇ ਨੀ,
ਮੈਨੂੰ ਜਾਣ ਦੇ ਫਾਹੀ ਨਾ ਮੂਲ ਘਤੀਂ ।
ਕਾਦਰਯਾਰ ਫ਼ਕੀਰ ਦਾ ਰਹਿਣ ਨਾਹੀਂ,
ਰੋਇ ਰੋਇ ਕੇ ਮੇਰੇ ਨਾ ਮਗਰ ਵਤੀਂ ।
13
ਸ਼ੀਨ ਸ਼ੀਰ ਖੋਰਾ ਮੈਥੋਂ ਜੁਦਾ ਹੋਇਉਂ,
ਮਸਾਂ ਮਸਾਂ ਮੈਂ ਡਿੱਠਾ ਹੈ ਮੁਖ ਤੇਰਾ ।
ਚਵੀ ਬਰਸ ਗੁਜ਼ਰੇ ਨਾਹਰੇ ਮਾਰਦੀ ਨੂੰ,
ਅਜੇ ਫੋਲ ਨਾ ਪੁਛਿਆ ਦੁਖ ਤੇਰਾ ।
ਦਸੀਂ ਪੂਰਨਾ ਵੇ ਹੋਈ ਫੇਰ ਕੀਕਰ,
ਲਗਿਓ ਮਰ ਹਯਾਤੀ ਦਾ ਰੁਖ ਤੇਰਾ ।
ਕਾਦਰਯਾਰ ਮੈਂ ਨਿਤ ਚਿਤਾਰਦੀ ਸਾਂ,
ਖਾਬ ਵਿਚ ਸੁਨੇਹੜਾ ਸੁਖ ਤੇਰਾ ।
14
ਸਵਾਦ ਸਾਹਿਬ ਦਿਤੀ ਜਿੰਦ ਜਾਨ ਮੇਰੀ,
ਕੀ ਤੂੰ ਲਗੀ ਹੈਂ ਸਚ ਪੁਛਾਣ ਮਾਏ ।
ਗੁਰੂ ਨਾਥ ਜੀ ਕਢਿਆ ਖੂਹ ਵਿਚੋਂ,
ਰਬ ਦਿੱਤੇ ਨੀ ਨੈਨ ਪਰਾਣ ਮਾਏ ।
ਮਤ ਖਫ਼ਾ ਹੋਵੇ ਕਰੇ ਕਾਲ ਮੇਰਾ,
ਉਹਦੇ ਕੋਲ ਦੇਵੋ ਮੈਨੂੰ ਜਾਣ ਮਾਏ ।
ਕਾਦਰਯਾਰ ਜ਼ਬਾਨ ਥੀਂ ਕੌਲ ਕੀਤਾ,
ਫੇਰ ਮਿਲਾਂਗਾ ਤੈਨੂੰ ਮੈਂ ਆਣ ਮਾਏ ।
15
ਜ਼ੁਆਦ ਜ਼ਾਮਨੀ ਗੁਰਾਂ ਦੀ ਵਿਚ ਲੈ ਕੇ,
ਮਾਤਾ ਟੋਰਿਆ ਏਤ ਕਰਾਰ ਲੋਕੋ ।
ਦਿਲੋਂ ਸਮਝਿਆ ਰਬ ਦਾ ਭਲਾ ਹੋਵੇ,
ਸਾਂਝ ਰਖੀ ਸੂ ਵਿਚ ਸੰਸਾਰ ਲੋਕੋ ।
ਡਿਗੇ ਲਾਲ ਹੱਥਾਂ ਵਿਚੋਂ ਲਭਦੇ ਨੇ,
ਕਰਮਾਂ ਵਾਲਿਆਂ ਨੂੰ ਦੂਜੀ ਵਾਰ ਲੋਕੋ ।
ਪੂਰਨ ਹੋ ਟੁਰਿਆ ਵਿਦਾ ਇਛਰਾਂ ਤੋਂ,
ਕਿੱਸਾ ਜੋੜਿਆ ਸੀ ਕਾਦਰਯਾਰ ਲੋਕੋ ।
16
ਤੁਇ ਤਰਫ ਤੁਰਿਆ ਗੁਰੂ ਆਪਣੇ ਦੀ,
ਜਾ ਕੇ ਚਰਨਾਂ ਤੇ ਸੀਸ ਨਿਵਾਂਵਦਾ ਈ ।
ਪਹਿਲਾਂ ਜਾਇ ਪਰਦਖਨਾ ਤਿੰਨ ਕਰਦਾ,
ਮੁਖੋਂ ਆਦਿ ਅਲੱਖ ਜਗਾਂਵਦਾ ਈ ।
ਸਾਰੇ ਸੰਤਾਂ ਨੂੰ ਫੇਰ ਡੰਡੌਤ ਕਰ ਕੇ,
ਆਸਣ ਲਾਇ ਧੂਆਂ ਫੇਰ ਪਾਂਵਦਾ ਈ ।
ਕਾਦਰਯਾਰ ਫਿਰ ਪੁਛਿਆ ਗੁਰੂ ਪੂਰੇ,
ਮਾਈ ਬਾਪ ਦਾ ਹਾਲ ਸੁਣਾਂਵਦਾ ਈ ।