ਪੱਥਰ ਦਿਲ ਇਸ ਦੁਨੀਆਂ ਅੰਦਰ, ਬਹੁਤੇ ਨਾ ਤੂੰ ਯਾਰ ਬਣਾ

ਪੱਥਰ ਦਿਲ ਇਸ ਦੁਨੀਆਂ ਅੰਦਰ, ਬਹੁਤੇ ਨਾ ਤੂੰ ਯਾਰ ਬਣਾ
ਜ਼ਿੰਦਾ ਦਿਲ ਇਨਸਾਨਾਂ ਅੰਦਰ, ਅਪਣਾ ਇਕ ਦਿਲਦਾਰ ਬਣਾ

ਜੀਵਨ ਦੇ ਲਈ ਹਰ ਬੰਦੇ ਨੂੰ ਕੁਝ ਤੇ ਕਰਨਾ ਪੈਂਦਾ ਏ,
ਸੱਧਰਾਂ ਦੀ ਬੰਜਰ ਧਰਤੀ ਵਿੱਚ ਗੁਲਸ਼ਨ ਦੇ ਆਸਾਰ ਬਣਾ

ਅਰਜ਼ਾਂ ਦੇ ਵਾਇਰਸ ਨੇ ਤੈਨੂੰ, ਏਨਾ ਰੋਗੀ ਕੀਤਾ ਏ,
ਲਾਲਚ ਦੀ ਨਗਰੀ ਤੋਂ ਹੱਟ ਕੇ, ਵੱਖ ਅਪਣਾ ਘਰਬਾਰ ਬਣਾ

ਆਬਾਦੀ ਲਈ ਬੰਦਿਆ ਜੰਗਲ ਦੇ ਵਲ ਵਧਦਾ ਜਾਂਦਾ ਏਂ,
ਇਨਸਾਨਾਂ ਤੋਂ ਨਫ਼ਰਤ ਕਰਕੇ ਵਹਿਸ਼ੀ ਨਾ ਤੂੰ ਯਾਰ ਬਣਾ

ਸੱਚ ਦਾ ਜੁਗਨੂੰ ਹੋ ਕੇ ਚਮਕਾਂ ਮੈਂ ਤਾਂ ਕਾਲੀਆਂ ਰਾਤਾਂ ਵਿੱਚ,
ਚੜ੍ਹਦੇ ਸੂਰਜ ਵਾਂਗੂੰ ਸੱਜਨਾਂ ਤੂੰ ਵੀ ਕੁਝ ਲਿਸ਼ਕਾਰ ਬਣਾ

ਮਾਂ ਬੋਲੀ ਦੀ ਤਾਂਘ ਹੀ ਤੈਨੂੰ ਏਥੇ ਤਕ ਲੈ ਆਈ ਏ,
ਇਹਦੇ ਵਿੱਚ ਮੈਂ ਲਿਖਦਾਂ ਤਾਂ, ਜੋ ਤੂੰ ਵੀ ਇਹ ਰਫ਼ਤਾਰ ਬਣਾ

ਗੁੰਗੇ ਬੋਲੇ ਲੋਕਾਂ ਵਿੱਚ ਬਸ, ਕੱਲਾ ਫਿਰਦਾ ਰਹਿੰਦਾ ਏਂ,
ਕਦ ਤੱਕ ਕੱਲਾ ਰਹੇਂਗਾ ਕੁਦਸੀ ਤੂੰ ਕੋਈ ਗ਼ਮਖ਼ਾਰ ਬਣਾ