ਜੀ ਕਰਦਾ ਏ ਧੋਖਾ ਤੇਰੇ ਨਾਲ ਕਰਾਂ

ਜੀ ਕਰਦਾ ਏ ਧੋਖਾ ਤੇਰੇ ਨਾਲ ਕਰਾਂ
ਐਪਰ ਜੇਰਾ ਕਿਸ ਦਾ ਇਸਤੇਮਾਲ ਕਰਾਂ ?

ਹੰਝੂਆਂ ਦੇ ਮੋਤੀ ਯਾ ਹੀਰੇ ਜ਼ਖ਼ਮਾਂ ਦੇ,
ਸੱਜਨਾਂ ਦੀ ਖ਼ਿਦਮਤ ਵਿੱਚ ਕੀ ਅਰਸਾਲ ਕਰਾਂ

ਜਿਹਨਾਂ ਦੀ ਲੌ ਮੇਰੀ ਕਿਸਮਤ ਵਰਗੀ ਏ,
ਉਹ ਦੀਵੇ ਕੀ ਮਹਿਫ਼ਲ ਦੇ ਵਿੱਚ 'ਬਾਲ' ਕਰਾਂ

ਤੇਰੀ ਯਾਦ ਦੇ ਬਾਲ ਗੁਆਚੇ ਭੀੜਾਂ ਵਿੱਚ,
ਹੁਣ ਕਿਸਮਤ ਮੈਂ ਤੇਰਾ ਇਸਤਕਬਾਲ ਕਰਾਂ

ਸਾਰੇ ਉਸ ਵਲ ਅੱਡੀਆਂ ਚੁੱਕ ਚੁੱਕ ਵੇਂਹਦੇ ਨੇ,
ਮੈਂ ਕੱਲਾ ਨਹੀਂ ਜੋ ਇਸ ਦਾ ਇਕਬਾਲ ਕਰਾਂ

ਪੈਸੇ ਦੀ ਥਾਂ ਖੀਸਾ ਭਰਿਆ ਗ਼ਜ਼ਲਾਂ ਨਾਲ,
ਅਪਣੇ ਬੱਚਿਆਂ ਦਾ ਕੀ ਹੋਰ ਖ਼ਿਆਲ ਕਰਾਂ

ਦਰਦ ਸਮੇਟ ਕੇ ਆਖਿਆ ਮੇਰੇ ਖ਼ਾਲਿਕ ਨੇ,
ਆ ਹੁਣ ਕੁਦਸੀ ਤੈਨੂੰ ਮਾਲਾ ਮਾਲ ਕਰਾਂ