ਅਪਣੀ ਮੌਤ ਦਾ ਮੰਜ਼ਰ ਲੈ ਕੇ ਟੁਰਦਾ ਰਹੁ।

ਅਪਣੀ ਮੌਤ ਦਾ ਮੰਜ਼ਰ ਲੈ ਕੇ ਟੁਰਦਾ ਰਹੁ।
ਸੀਨੇ ਅੰਦਰ ਖ਼ੰਜਰ ਲੈ ਕੇ ਟੁਰਦਾ ਰਹੁ।

ਚੰਨ ਕਦੀ ਤੇ ਸ਼ੀਸ਼ਾ ਵੇਖਣ ਆਵੇਗਾ
ਅੱਖਾਂ ਵਿਚ ਸਮੁੰਦਰ ਲੈ ਕੇ ਟੁਰਦਾ ਰਹੁ।

ਜ਼ੁਲਫ਼ਾਂ ਅੰਦਰ ਫੁੱਲ ਸਜਾਂਦਾ ਰਹਿੰਦਾ ਸੈਂ
ਹੱਥਾਂ ਦੇ ਵਿਚ ਪੱਥਰ ਲੈ ਕੇ ਟੁਰਦਾ ਰਹੁ।

ਪਲਕਾਂ ਉੱਤੇ ਨਗ ਜੇ ਉਹਦੀ ਯਾਦ ਦੇ ਨੇ
ਰਤ ਰੰਗੀ ਹਰ ਅੱਥਰ ਲੈ ਕੇ ਟੁਰਦਾ ਰਹੁ।

ਸੋਚ ਦੇ ਵਿੱਚ ਜ਼ਫ਼ਰ ਜੇ ਵੰਡਾਂ ਪਾਈਆਂ ਨੇ
ਅਪਣਾ ਵੱਖ ਮੁਕੱਦਰ ਲੈ ਕੇ ਟੁਰਦਾ ਰਹੁ।